- ਸਾਬਕਾ ED ਅਧਿਕਾਰੀ ਨਿਰੰਜਨ ਸਿੰਘ ਅੰਮ੍ਰਿਤਪਾਲ ਦੀ ਪਾਰਟੀ ’ਚ ਹੋਣਗੇ ਸ਼ਾਮਲ
ਚੰਡੀਗੜ੍ਹ, 22 ਸਤੰਬਰ: (ਦੇਸ਼ ਕਲਿੱਕ ਬਿਊਰੋ): ਸਾਬਕਾ ਇਨਫੋਰਸਮੈਂਟ ਡਾਇਰੈਕਟੋਰੇਟ (ED) ਅਧਿਕਾਰੀ ਨਿਰੰਜਨ ਸਿੰਘ ਬੁੱਧਵਾਰ ਨੂੰ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਿੱਚ ਸ਼ਾਮਲ ਹੋਣਗੇ। ਨਿਰੰਜਨ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਹ ਕਰੀਬ 5-6 ਸਾਲ ਪਹਿਲਾਂ ਸੇਵਾਮੁਕਤ ਹੋ ਚੁੱਕੇ ਹਨ ਅਤੇ ਪੰਜਾਬ ਵਿੱਚ ਬਦਲਾਅ ਦੀ ਲੋੜ ਮਹਿਸੂਸ ਕਰਦੇ ਹਨ।
ਨਿਰੰਜਨ ਸਿੰਘ ਨੇ ਕਿਹਾ ਕਿ ਕਈ ਸਰਕਾਰਾਂ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵਾਅਦੇ ਕੀਤੇ ਗਏ, ਪਰ ਉਨ੍ਹਾਂ ਮੁਤਾਬਕ ਨਸ਼ੇ ਦੀ ਸਮੱਸਿਆ ਖਤਮ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ ਉਨ੍ਹਾਂ ਦੇ ਘਰ ਮਿਲਣ ਆਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।
ਮਜੀਠੀਆ ਤੋਂ ਵੀ ਕੀਤੀ ਸੀ ਪੁੱਛਗਿੱਛ
ਨਿਰੰਜਨ ਸਿੰਘ ED ਵਿੱਚ ਸੇਵਾ ਦੌਰਾਨ ਪੰਜਾਬ ਨਾਲ ਸਬੰਧਤ ਕਈ ਮਨੀ ਲਾਂਡਰਿੰਗ ਅਤੇ FEMA ਮਾਮਲਿਆਂ ਦੀ ਜਾਂਚ ਨਾਲ ਜੁੜੇ ਰਹੇ। ਉਹ ਜਲੰਧਰ ਸਥਿਤ ED ਦਫ਼ਤਰ ਵਿੱਚ ਲੰਬੇ ਸਮੇਂ ਤੱਕ ਤਾਇਨਾਤ ਰਹੇ ਸਨ ਅਤੇ ਡਰੱਗਜ਼ ਨਾਲ ਜੁੜੇ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਵੀ ਪੁੱਛਗਿੱਛ ਕਰ ਚੁੱਕੇ ਹਨ।
ਚੋਣ ਲੜਨ ਬਾਰੇ ਫਿਲਹਾਲ ਕੋਈ ਫੈਸਲਾ ਨਹੀਂ
ਨਿਰੰਜਨ ਸਿੰਘ ਨੇ ਕਿਹਾ ਕਿ ਇਸ ਸਮੇਂ ਉਨ੍ਹਾਂ ਦਾ ਚੋਣ ਲੜਨ ਦਾ ਕੋਈ ਵਿਚਾਰ ਨਹੀਂ ਹੈ। ਅੰਮ੍ਰਿਤਪਾਲ ਸਿੰਘ ਨਾਲ ਜੁੜੇ ਮਾਮਲਿਆਂ ਬਾਰੇ ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਅਦਾਲਤ ਹੀ ਫੈਸਲਾ ਕਰੇਗੀ। ਉਨ੍ਹਾਂ ਆਪਣੇ ਫੈਸਲੇ ਬਾਰੇ ਕਿਹਾ ਕਿ ਉਹ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਹਨ ਅਤੇ ਪਾਰਟੀ ਦੀ ਵਿਚਾਰਧਾਰਾ ਬਾਰੇ ਵੀ ਉਨ੍ਹਾਂ ਦਾ ਇਹੀ ਮਤ ਹੈ। ਨਿਰੰਜਨ ਸਿੰਘ ਨੇ 2018 ਵਿੱਚ ED ਛੱਡਣ ਦਾ ਫੈਸਲਾ ਕੀਤਾ ਸੀ ਅਤੇ ਬਾਅਦ ਵਿੱਚ 31 ਮਈ 2021 ਨੂੰ ਰਸਮੀ ਤੌਰ ’ਤੇ ਸੇਵਾਮੁਕਤ ਹੋਏ। ਉਹ 2016 ਵਿੱਚ ਅਸਿਸਟੈਂਟ ਡਾਇਰੈਕਟਰ ਤੋਂ ਡਿਪਟੀ ਡਾਇਰੈਕਟਰ ਦੇ ਅਹੁਦੇ ’ਤੇ ਤਰੱਕੀ ਵੀ ਹਾਸਲ ਕਰ ਚੁੱਕੇ ਸਨ।








