- ਨਾਬਾਲਗ ਵਿਦਿਆਰਥਣ ਨਾਲ ਬਦਸਲੂਕੀ ਮਾਮਲੇ ਦਾ ਮੁੱਖ ਮੁਲਜ਼ਮ ਪੁਲਿਸ ਮੁਕਾਬਲੇ ‘ਚ ਜ਼ਖਮੀ
- ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਿਸ ਨੇ ਲੱਤ ‘ਚ ਮਾਰੀ ਗੋਲੀ; ਹੁਣ ਤੱਕ 8 ਗ੍ਰਿਫ਼ਤਾਰ
ਜਮੁਈ, 22 ਸਤੰਬਰ: (ਦੇਸ਼ ਕਲਿੱਕ ਬਿਊਰੋ): ਬਿਹਾਰ ਦੇ ਜਮੁਈ ‘ਚ ਨਾਬਾਲਗ ਵਿਦਿਆਰਥਣ ਨਾਲ ਬਦਸਲੂਕੀ ਅਤੇ ਅਸ਼ਲੀਲ ਹਰਕਤਾਂ ਦੇ ਮਾਮਲੇ ‘ਚ ਪੁਲਿਸ ਨੇ ਮੁੱਖ ਮੁਲਜ਼ਮ ਨੰਦਨ ਯਾਦਵ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ ਮੰਗਲਵਾਰ ਨੂੰ ਨੰਦਨ ਨੇ ਪੁਲਿਸ ਨੂੰ ਦੇਖ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਪੁਲਿਸ ਨਾਲ ਮੁਕਾਬਲਾ ਹੋਇਆ ਅਤੇ ਉਸ ਦੀ ਲੱਤ ‘ਚ ਗੋਲੀ ਲੱਗੀ। ਉਸ ਨੂੰ ਜਮੁਈ ਸਦਰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਨੰਦਨ ਉਸੇ ਮੜਵਾ ਪਹਾੜੀ ਦੇ ਨੇੜੇ ਲੁਕਿਆ ਹੋਇਆ ਸੀ, ਜਿੱਥੇ 19 ਸਤੰਬਰ ਨੂੰ ਦੋਵੇਂ ਵਿਦਿਆਰਥੀ ਘੁੰਮਣ ਗਏ ਸਨ। ਵਾਇਰਲ ਵੀਡੀਓ ‘ਚ ਲਾਲ ਗਮਛਾ ਪਹਿਨੇ ਦਿਖਾਈ ਦੇ ਰਹੇ ਨੌਜਵਾਨ ਦੀ ਪਛਾਣ ਨੰਦਨ ਵਜੋਂ ਕੀਤੀ ਗਈ ਹੈ।
ਹੁਣ ਤੱਕ 8 ਮੁਲਜ਼ਮ ਗ੍ਰਿਫ਼ਤਾਰ
ਇਸ ਮਾਮਲੇ ‘ਚ ਪੁਲਿਸ ਹੁਣ ਤੱਕ 8 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ‘ਚ ਦੋ ਮੁਲਜ਼ਮਾਂ ਦੀ ਉਮਰ 35 ਤੋਂ 40 ਸਾਲ ਦੇ ਵਿਚਕਾਰ ਹੈ, ਜਦਕਿ ਤਿੰਨ ਨਾਬਾਲਗ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ADG ਲਾਅ ਐਂਡ ਆਰਡਰ ਸੁਹਿਤਾ ਅਨੁਪਮ ਨੇ ਦੱਸਿਆ ਕਿ ਨੰਦਨ ਪੁਲਿਸ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਪੁਲਿਸ ਨਾਲ ਮੁਕਾਬਲਾ ਹੋਇਆ ਅਤੇ ਉਸ ਦੀ ਲੱਤ ‘ਚ ਗੋਲੀ ਲੱਗੀ।
ਇੱਕ ਹੋਰ ਮੁਲਜ਼ਮ ਦਾ ਪੈਰ ਟੁੱਟਿਆ
ਪੁਲਿਸ ਨੇ ਇੱਕ ਹੋਰ ਮੁਲਜ਼ਮ ਹਰੇਰਾਮ ਨੂੰ ਵੀ ਜੰਗਲ ਵਾਲੇ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਉਹ ਵੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਡਿੱਗਣ ਕਾਰਨ ਉਸ ਦਾ ਪੈਰ ਟੁੱਟ ਗਿਆ। ਉਸ ਨੂੰ ਵੀ ਜਮੁਈ ਸਦਰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਨੇ ਵਾਇਰਲ ਵੀਡੀਓ ਦੇ ਆਧਾਰ ‘ਤੇ ਮੁਲਜ਼ਮਾਂ ਦੀ ਪਛਾਣ ਕਰਕੇ ਕਾਰਵਾਈ ਕੀਤੀ ਹੈ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੇ ਦੋਸ਼ ‘ਚ ਰਾਮਾਸ਼ੀਸ਼ ਚੌਧਰੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
19 ਸਤੰਬਰ ਨੂੰ ਵਾਪਰੀ ਸੀ ਘਟਨਾ
ਘਟਨਾ 19 ਸਤੰਬਰ ਦੀ ਸ਼ਾਮ ਕਰੀਬ 7 ਵਜੇ ਦੀ ਦੱਸੀ ਜਾ ਰਹੀ ਹੈ। ਦੋਵੇਂ ਪੀੜਤ ਵਿਦਿਆਰਥੀ 10ਵੀਂ ਜਮਾਤ ‘ਚ ਪੜ੍ਹਦੇ ਹਨ। ਪੁਲਿਸ ਮੁਤਾਬਕ ਟਿਊਸ਼ਨ ਤੋਂ ਬਾਅਦ ਉਹ ਜਮੁਈ ਦੀ ਮੜਵਾ ਪਹਾੜੀ ਵੱਲ ਘੁੰਮਣ ਗਏ ਸਨ। ਵਾਪਸੀ ਸਮੇਂ ਕੁਝ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ। ਦੋਸ਼ ਹੈ ਕਿ ਮੁਲਜ਼ਮਾਂ ਨੇ ਵਿਦਿਆਰਥਣ ਨਾਲ ਸੜਕ ਵਿਚਕਾਰ ਬਦਸਲੂਕੀ ਅਤੇ ਅਸ਼ਲੀਲ ਹਰਕਤਾਂ ਕੀਤੀਆਂ, ਜਦਕਿ ਉਸ ਦੇ ਦੋਸਤ ਨਾਲ ਗਾਲੀ-ਗਲੌਚ ਅਤੇ ਕੁੱਟਮਾਰ ਕੀਤੀ। ਇਸ ਦੌਰਾਨ ਘਟਨਾ ਦੀ ਵੀਡੀਓ ਵੀ ਬਣਾਈ ਗਈ, ਜਿਸ ਨੂੰ ਬਾਅਦ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ ਗਿਆ।








