ਵੱਡੀ ਖ਼ਬਰ: ਭਾਰਤ ਦੇ ਇਸ ਸੂਬੇ ’ਚ ਹੜ੍ਹਾਂ ਦਾ ਖ਼ਤਰਾ; 7 ਗਲੇਸ਼ੀਅਰ ਝੀਲਾਂ ਦੀ ਹੋਈ ਪਛਾਣ
ਤਵਾਂਗ/ਨੇਪਾਲ 23 ਸਤੰਬਰ 2026
ਨੇਪਾਲ ਵਿੱਚ ਹਾਲ ਹੀ ਵਿੱਚ ਆਏ ਅਚਾਨਕ ਹੜ੍ਹਾਂ ਤੋਂ ਬਾਅਦ ਅਰੁਣਾਚਲ ਪ੍ਰਦੇਸ਼ ਵਿੱਚ ਵੀ ਸੰਭਾਵਿਤ ਹੜ੍ਹ ਦੇ ਖ਼ਤਰੇ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਗਈ ਹੈ। ਤਵਾਂਗ ਜ਼ਿਲ੍ਹੇ ਦੇ ਮਾਗੋ ਖੇਤਰ ਵਿੱਚ ਸੱਤ ਗਲੇਸ਼ੀਅਰ ਝੀਲਾਂ ਦੀ ਪਛਾਣ ਕੀਤੀ ਗਈ ਹੈ। ਮਾਹਿਰਾਂ ਮੁਤਾਬਕ ਜੇਕਰ ਇਨ੍ਹਾਂ ਵਿੱਚੋਂ ਕੋਈ ਝੀਲ ਅਚਾਨਕ ਫਟਦੀ ਹੈ ਤਾਂ ਇਸ ਨਾਲ ਗਲੇਸ਼ੀਅਰ ਝੀਲ ਦੇ ਫਟਣ ਕਾਰਨ ਹੜ੍ਹ (GLOF) ਆ ਸਕਦਾ ਹੈ, ਜਿਸ ਨਾਲ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਖ਼ਤਰਾ ਪੈਦਾ ਹੋ ਸਕਦਾ ਹੈ।
ਅਰੁਣਾਚਲ ਪ੍ਰਦੇਸ਼ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਉੱਚ-ਜੋਖਮ ਵਾਲੀਆਂ ਗਲੇਸ਼ੀਅਰ ਝੀਲਾਂ ਦੇ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਜਾਗਰੂਕਤਾ ਅਤੇ ਸਿਖਲਾਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਹ ਮੁਹਿੰਮ ਮਾਗੋ ਪਿੰਡ ਤੋਂ ਸ਼ੁਰੂ ਹੋਈ।
ਇਸ ਦੌਰਾਨ ਡੂਰੀ ਪਿੰਡ ਅਤੇ ਖੇਤਰ ਵਿੱਚ ਸਥਿਤ ਭਾਰਤੀ ਫੌਜ ਦੇ ਕੈਂਪ ਸਮੇਤ ਹੇਠਲੇ ਇਲਾਕਿਆਂ ਨੂੰ ਵਿਸ਼ੇਸ਼ ਤੌਰ ’ਤੇ ਧਿਆਨ ਵਿੱਚ ਰੱਖਿਆ ਗਿਆ। ਲੋਕਾਂ ਨੂੰ ਗਲੇਸ਼ੀਅਰ ਝੀਲਾਂ ਦੀ ਸਥਿਤੀ, ਉਚਾਈ ਅਤੇ ਉਨ੍ਹਾਂ ਦੀਆਂ ਬਸਤੀਆਂ ਤੋਂ ਦੂਰੀ ਬਾਰੇ ਜਾਣਕਾਰੀ ਦਿੱਤੀ ਗਈ।
ਵਸਨੀਕਾਂ ਨੂੰ ਝੀਲ ਫਟਣ ਦੀ ਸਥਿਤੀ ਵਿੱਚ ਸੰਭਾਵਿਤ ਹੜ੍ਹ, ਇਸ ਦੇ ਪ੍ਰਭਾਵ ਅਤੇ ਹੜ੍ਹ ਦਾ ਪਾਣੀ ਹੇਠਲੇ ਇਲਾਕਿਆਂ ਤੱਕ ਪਹੁੰਚਣ ਵਿੱਚ ਲੱਗਣ ਵਾਲੇ ਸੰਭਾਵਿਤ ਸਮੇਂ ਬਾਰੇ ਵੀ ਸਿਖਲਾਈ ਦਿੱਤੀ ਗਈ।








