2047 ਤੱਕ ਵਿਕਸਿਤ ਭਾਰਤ ਦੇ ਰੋਡਮੈਪ ’ਤੇ ਕੇਂਦਰੀ ਕੈਬਨਿਟ ਦਾ ਦੋ ਰੋਜ਼ਾ ਵਿਚਾਰ-ਵਟਾਂਦਰਾ!
ਨਵੀਂ ਦਿੱਲੀ 23 ਸਤੰਬਰ 2026
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅੱਜ ਤੋਂ ਕੇਂਦਰੀ ਮੰਤਰੀ ਮੰਡਲ ਦਾ ਦੋ ਰੋਜ਼ਾ ਵਿਸ਼ੇਸ਼ ‘ਚਿੰਤਨ ਸ਼ਿਵਿਰ’ ਸ਼ੁਰੂ ਹੋ ਰਿਹਾ ਹੈ। ਇਸ ਉੱਚ ਪੱਧਰੀ ਬੈਠਕ ਦੌਰਾਨ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਲਈ ਤਿਆਰ ਕੀਤੇ ਜਾ ਰਹੇ ਰੋਡਮੈਪ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਚਿੰਤਨ ਸ਼ਿਵਿਰ ਵਿੱਚ ਨੀਤੀ ਆਯੋਗ ਵੱਲੋਂ ਤਿਆਰ ਕੀਤੀਆਂ ਰਿਪੋਰਟਾਂ ਤੋਂ ਇਲਾਵਾ ਵੱਖ-ਵੱਖ ਮੰਤਰਾਲਿਆਂ ਵੱਲੋਂ ਹੁਣ ਤੱਕ ਕੀਤੇ ਗਏ ਕੰਮਾਂ ਦੀ ਵਿਆਪਕ ਸਮੀਖਿਆ ਵੀ ਕੀਤੀ ਜਾਵੇਗੀ। ਬੈਠਕ ਦਾ ਮੁੱਖ ਉਦੇਸ਼ ਸਰਕਾਰੀ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਭਵਿੱਖ ਦੀਆਂ ਨੀਤੀਆਂ ਲਈ ਦਿਸ਼ਾ ਤੈਅ ਕਰਨਾ ਹੈ।
ਇਸ ਦੌਰਾਨ ਆਉਣ ਵਾਲੇ ਸਮੇਂ ਵਿੱਚ ਲਾਗੂ ਕੀਤੇ ਜਾਣ ਵਾਲੇ ਨੀਤੀਗਤ ਸੁਧਾਰਾਂ ਅਤੇ ਲੋਕ-ਭਲਾਈ ਨਾਲ ਸਬੰਧਤ ਯੋਜਨਾਵਾਂ ਦੀਆਂ ਤਰਜੀਹਾਂ ਬਾਰੇ ਵੀ ਵਿਚਾਰ ਕੀਤਾ ਜਾਵੇਗਾ। ਵੱਖ-ਵੱਖ ਮੰਤਰਾਲਿਆਂ ਦੇ ਕੰਮਕਾਜ, ਵਿਕਾਸ ਦੀ ਰਫ਼ਤਾਰ ਅਤੇ ਸਰਕਾਰੀ ਯੋਜਨਾਵਾਂ ਦੇ ਪ੍ਰਭਾਵ ਦਾ ਮੁਲਾਂਕਣ ਕਰਦਿਆਂ ਅਗਲੇ ਪੜਾਅ ਲਈ ਕਾਰਜ-ਯੋਜਨਾ ਤਿਆਰ ਕਰਨ ’ਤੇ ਜ਼ੋਰ ਰਹੇਗਾ।
ਦੋ ਦਿਨ ਚੱਲਣ ਵਾਲੇ ਇਸ ਵਿਚਾਰ-ਵਟਾਂਦਰੇ ਨੂੰ ਕੇਂਦਰ ਸਰਕਾਰ ਦੀਆਂ ਭਵਿੱਖੀ ਨੀਤੀਆਂ ਅਤੇ ਵਿਕਾਸੀ ਯੋਜਨਾਵਾਂ ਲਈ ਮਹੱਤਵਪੂਰਨ ਮੰਚ ਮੰਨਿਆ ਜਾ ਰਿਹਾ ਹੈ।








