ਖੇਤੀਬਾੜੀ ਵਿਭਾਗ ਪੰਜਾਬ ਦੇ ਪਹਿਲੇ ਪਲਾਂਟ ਹੈਲਥ ਕਲੀਨਿਕ ਦਾ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਉਦਘਾਟਨ

Top Trending News ਪੰਜਾਬ

  • ਖੇਤੀਬਾੜੀ ਵਿਭਾਗ ਪੰਜਾਬ ਦੇ ਪਹਿਲੇ ਪਲਾਂਟ ਹੈਲਥ ਕਲੀਨਿਕ ਦਾ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਵੱਲੋਂ ਉਦਘਾਟਨ
  • ਕਿਸਾਨਾਂ ਨੂੰ ਫਸਲਾਂ ਦੀਆਂ ਬਿਮਾਰੀਆਂ, ਕੀੜੇ-ਮਕੌੜਿਆਂ ਤੇ ਨਦੀਨਾਂ ਸਬੰਧੀ ਮੌਕੇ ’ਤੇ ਮਿਲੇਗੀ ਮਾਹਿਰਾਂ ਦੀ ਸਲਾਹ -ਖੁੱਡੀਆਂ

ਫਰੀਦਕੋਟ, 23 ਸਤੰਬਰ (ਦੇਸ਼ ਕਲਿੱਕ ਬਿਊਰੋ): ਜ਼ਿਲ੍ਹੇ ਦੇ ਕਿਸਾਨਾਂ ਨੂੰ ਫਸਲਾਂ ਦੀਆਂ ਬਿਮਾਰੀਆਂ, ਕੀੜੇ-ਮਕੌੜਿਆਂ, ਨਦੀਨਾਂ ਅਤੇ ਹੋਰ ਖੇਤੀ ਸਮੱਸਿਆਵਾਂ ਸਬੰਧੀ ਮਾਹਿਰ ਤਕਨੀਕੀ ਸਲਾਹ ਇੱਕੋ ਥਾਂ ’ਤੇ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਫਰੀਦਕੋਟ ਵਿਖੇ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਪਲਾਂਟ ਹੈਲਥ ਕਲੀਨਿਕ ਅਤੇ ਫਾਰਮਰ ਐਡਵਾਈਜ਼ਰੀ ਅਤੇ ਟ੍ਰੇਨਿੰਗ ਸੈਂਟਰ ਦਾ ਅੱਜ ਰਸਮੀ ਉਦਘਾਟਨ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਦੀ ਹਾਜ਼ਰੀ ਵਿੱਚ ਕੀਤਾ ਗਿਆ।

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲੋਕਾਂ ਨੂੰ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀ ਮੁਬਾਰਕਬਾਦ ਦਿੱਤੀ ਅਤੇ ਲੋਕਾਂ ਉਨ੍ਹਾਂ ਦੀਆਂ ਸਦੀਵੀਂ ਸਿੱਖਿਆਵਾਂ ਨੂੰ ਜੀਵਨ ਅਪਣਾਉਣ ਦਾ ਸੱਦਾ ਦਿੱਤਾ।

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਲਾਂਟ ਹੈਲਥ ਕਲੀਨਿਕ ਅਤੇ ਫਾਰਮਰ ਐਡਵਾਈਜ਼ਰੀ ਅਤੇ ਟ੍ਰੇਨਿੰਗ ਸੈਂਟਰ ਦਾ ਉਦਘਾਟਨ ਕਰਨ ਉਪਰੰਤ ਕਿਹਾ ਕਿ ਇਹ ਪਲਾਂਟ ਹੈਲਥ ਕਲੀਨਿਕ ਆਰ.ਕੇ.ਵੀ.ਵਾਈ. ਸਕੀਮ ਤਹਿਤ ਮਾਨਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤੇ ਖੇਤੀਬਾੜੀ ਵਿਭਾਗ ਦੇ ਉਪਰਾਲੇ ਸਦਕਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਾਪਿਤ ਕੀਤੇ ਜਾਣ ਵਾਲੇ ਪਲਾਂਟ ਹੈਲਥ ਕਲੀਨਿਕਾਂ ਦੀ ਯੋਜਨਾ ਤਹਿਤ ਤਿਆਰ ਕੀਤਾ ਗਿਆ ਹੈ।

ਡਾ. ਗੁਰਜੀਤ ਸਿੰਘ ਬਰਾੜ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਅਤੇ ਡਾ. ਕਰਨਜੀਤ ਸਿੰਘ ਗਿੱਲ, ਸੰਯੁਕਤ ਡਾਇਰੈਕਟਰ ਵਿਸਥਾਰ ਤੇ ਸਿਖਲਾਈ, ਪੰਜਾਬ ਦੀ ਪਹਿਲਕਦਮੀ ਸਦਕਾ ਅਤੇ ਡਾ. ਗੁਰਪ੍ਰੀਤ ਸਿੰਘ, ਮੁੱਖ ਖੇਤੀਬਾੜੀ ਅਫਸਰ, ਫ਼ਰੀਦਕੋਟ ਅਤੇ ਡਾ. ਅਵੀਨਿੰਦਰ ਪਾਲ ਸਿੰਘ, ਜ਼ਿਲ੍ਹਾ ਸਿਖਲਾਈ ਅਫਸਰ, ਫਰੀਦਕੋਟ ਦੀ ਅਗਵਾਈ ਹੇਠ ਇਹ ਪਲਾਂਟ ਹੈਲਥ ਕਲੀਨਿਕ ਤਿਆਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਸ ਪਲਾਂਟ ਹੈਲਥ ਕਲੀਨਿਕ ਦੀ ਸਥਾਪਨਾ ਨਾਲ ਜ਼ਿਲ੍ਹਾ ਫਰੀਦਕੋਟ ਦੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਵਿੱਚ ਆਉਣ ਵਾਲੀਆਂ ਬਿਮਾਰੀਆਂ, ਕੀੜੇ-ਮਕੌੜਿਆਂ, ਨਦੀਨਾਂ ਅਤੇ ਹੋਰ ਖੇਤੀ ਸਮੱਸਿਆਵਾਂ ਦੀ ਜਾਂਚ ਅਤੇ ਨਿਰੀਖਣ ਕਰਵਾਉਣ ਲਈ ਮਾਹਿਰ ਸਲਾਹ ਸਥਾਨਕ ਪੱਧਰ ’ਤੇ ਹੀ ਉਪਲਬਧ ਹੋਵੇਗੀ। ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਿੱਚ ਤਾਇਨਾਤ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦੀ ਸਥਿਤੀ ਅਨੁਸਾਰ ਢੁੱਕਵੀਂ ਤਕਨੀਕੀ ਸਲਾਹ ਦਿੱਤੀ ਜਾਵੇਗੀ।

ਇਸ ਨਾਲ ਕਿਸਾਨਾਂ ਨੂੰ ਸਮੇਂ ਸਿਰ ਖਾਦਾਂ, ਕੀੜੇਮਾਰ ਦਵਾਈਆਂ ਅਤੇ ਨਦੀਨਨਾਸ਼ਕਾਂ ਦੀ ਲੋੜ ਅਨੁਸਾਰ ਅਤੇ ਵਿਗਿਆਨਕ ਢੰਗ ਨਾਲ ਵਰਤੋਂ ਕਰਨ ਵਿੱਚ ਸਹਾਇਤਾ ਮਿਲੇਗੀ। ਇਸ ਤਰ੍ਹਾਂ ਬੇਲੋੜੇ ਖੇਤੀ ਇਨਪੁਟਸ ਦੀ ਵਰਤੋਂ ਨੂੰ ਘਟਾਉਣ ਦੇ ਨਾਲ ਖੇਤੀ ਲਾਗਤ ਵਿੱਚ ਕਮੀ ਲਿਆਉਣ ਅਤੇ ਕਿਸਾਨਾਂ ਨੂੰ ਵਿੱਤੀ ਲਾਭ ਪਹੁੰਚਾਉਣ ਵਿੱਚ ਵੀ ਮਦਦ ਮਿਲੇਗੀ।

ਇਸ ਤੋਂ ਇਲਾਵਾ ਪਲਾਂਟ ਹੈਲਥ ਕਲੀਨਿਕ ਰਾਹੀਂ ਆਉਣ ਵਾਲੇ ਸਮੇਂ ਵਿੱਚ ਆਧੁਨਿਕ ਖੇਤੀ ਤਕਨੀਕਾਂ, ਸਹਾਇਕ ਖੇਤੀ ਧੰਦਿਆਂ, ਘੱਟ ਲਾਗਤ ਨਾਲ ਵੱਧ ਮੁਨਾਫੇ ਵਾਲੀਆਂ ਫਸਲਾਂ ਅਤੇ ਖੇਤੀ ਨਾਲ ਸਬੰਧਤ ਹੋਰ ਵਿਸ਼ਿਆਂ ਬਾਰੇ ਤਕਨੀਕੀ ਸਿਖਲਾਈ ਵੀ ਦਿੱਤੀ ਜਾਵੇਗੀ। ਇਸ ਨਾਲ ਕਿਸਾਨਾਂ ਨੂੰ ਖੇਤੀ ਵਿੱਚ ਨਵੀਆਂ ਤਕਨੀਕਾਂ ਅਪਣਾਉਣ ਅਤੇ ਆਪਣੀ ਆਮਦਨ ਵਿੱਚ ਵਾਧਾ ਕਰਨ ਲਈ ਲੋੜੀਂਦੀ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ ‘ਤੇ ਮਸ਼ੀਨਾਂ ਮੁਹੱਈਆ ਕਰਾ ਕੇ ਪਰਾਲੀ ਪ੍ਰਬੰਧਨ ਲਈ ਵੱਡੀ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ।

ਇਸ ਮੌਕੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਪੰਜਾਬ ਸਰਕਾਰ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਰੀਦਕੋਟ ਵਿਖੇ ਪਲਾਂਟ ਹੈਲਥ ਕਲੀਨਿਕ ਦੀ ਸਥਾਪਨਾ ਨਾਲ ਜ਼ਿਲ੍ਹੇ ਦੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਸਬੰਧੀ ਬਿਮਾਰੀਆਂ, ਕੀੜੇ-ਮਕੌੜਿਆਂ, ਨਦੀਨਾਂ ਅਤੇ ਹੋਰ ਖੇਤੀ ਸਮੱਸਿਆਵਾਂ ਲਈ ਮਾਹਿਰਾਂ ਦੀ ਤਕਨੀਕੀ ਸਲਾਹ ਅਤੇ ਸਿਖਲਾਈ ਸਥਾਨਕ ਪੱਧਰ ’ਤੇ ਹੀ ਉਪਲਬਧ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਕਿਸਾਨਾਂ ਨੂੰ ਵਿਗਿਆਨਕ ਖੇਤੀ ਤਕਨੀਕਾਂ ਨਾਲ ਜੋੜਨ ਅਤੇ ਖੇਤੀ ਲਾਗਤ ਘਟਾਉਣ ਵਿੱਚ ਵੀ ਸਹਾਈ ਸਿੱਧ ਹੋਵੇਗਾ। ਇਸ ਉਪਰੰਤ ਕੈਬਨਿਟ ਮੰਤਰੀ ਵੱਲੋਂ ਸਟੇਟ ਐਗਮਾਰਕ ਲੈਬਾਰਟਰੀ ਦਾ ਵੀ ਦੌਰਾ ਕੀਤਾ ਗਿਆ।

ਇਸ ਤੋਂ ਬਾਅਦ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਨਤਮਸਤਕ ਹੋ ਕੇ ਸਰਬਤ ਦੇ ਭਲੇ ਲਈ ਅਰਦਾਸ ਕੀਤੀ।

ਇਸ ਮੌਕੇ ਐਸਡੀਐਮ ਕੋਟਕਪੂਰਾ ਰਜਿੰਦਰ ਸਿੰਘ,ਖੇਤੀਬਾੜੀ ਅਫਸਰ ਡਾ. ਗੁਰਿੰਦਰ ਪਾਲ ਸਿੰਘ, ਡਾ. ਯਾਦਵਿੰਦਰ ਸਿੰਘ, ਡਾ. ਰੁਪਿੰਦਰ ਸਿੰਘ ਅਤੇ ਅਮਨਦੀਪ ਕੇਸ਼ਵ ਪ੍ਰੋਜੈਕਟ ਡਾਇਰੈਕਟਰ ਆਤਮਾ ਸਮੇਤ ਖੇਤੀਬਾੜੀ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ।