ਸ਼ਿਮਲਾ ਦੇ ਨੇਰਵਾ ਵਿੱਚ ਦੋ ਭੈਣਾਂ ਦੀ ਮੌਤ, ਸੱਪ ਦੇ ਡੰਗਣ ਦਾ ਸ਼ੱਕ

Top Trending News ਰਾਸ਼ਟਰੀ

  • ਸ਼ਿਮਲਾ ਦੇ ਨੇਰਵਾ ਵਿੱਚ ਦੋ ਭੈਣਾਂ ਦੀ ਮੌਤ, ਸੱਪ ਦੇ ਡੰਗਣ ਦਾ ਸ਼ੱਕ

ਸ਼ਿਮਲਾ, 23 ਸਤੰਬਰ (ਦੇਸ਼ ਕਲਿੱਕ ਬਿਊਰੋ): ਸ਼ਿਮਲਾ ਜ਼ਿਲ੍ਹੇ ਦੇ ਨੇਰਵਾ ਬਲਾਕ ਦੀਆਂ ਦੋ ਭੈਣਾਂ ਦੀ ਸੱਪ ਦੇ ਡੰਗਣ ਦੇ ਸ਼ੱਕ ਕਾਰਨ ਮੌਤ ਹੋ ਗਈ। ਦੋਵਾਂ ਨੂੰ 20 ਸਤੰਬਰ ਨੂੰ ਗੰਭੀਰ ਹਾਲਤ ਵਿੱਚ ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ (IGMC), ਸ਼ਿਮਲਾ ਲਿਆਂਦਾ ਗਿਆ ਸੀ। ਪਰਿਵਾਰ ਦੇ ਗੁਆਂਢੀ ਰਾਮ ਲਾਲ ਪਾਂਡੇ ਮੁਤਾਬਕ ਦੋਵੇਂ ਭੈਣਾਂ ਟੇਲਰ ਪਿੰਡ ਵਿੱਚ ਆਪਣੇ ਘਰ ਵਿੱਚ ਸੁੱਤੀਆਂ ਹੋਈਆਂ ਸਨ। ਇਸ ਦੌਰਾਨ ਉਨ੍ਹਾਂ ਨੂੰ ਕਥਿਤ ਤੌਰ ’ਤੇ ਸੱਪ ਨੇ ਡੰਗ ਲਿਆ। ਸਵੇਰੇ ਉਨ੍ਹਾਂ ਦੀ ਮਾਂ ਕੰਮ ਲਈ ਖੇਤ ਗਈ ਹੋਈ ਸੀ। ਵਾਪਸ ਆਉਣ ’ਤੇ ਉਸ ਨੇ ਦੋਵਾਂ ਨੂੰ ਬੇਹੋਸ਼ ਹਾਲਤ ਵਿੱਚ ਦੇਖਿਆ।

ਪਰਿਵਾਰ ਵੱਲੋਂ ਦੋਵਾਂ ਨੂੰ ਤੁਰੰਤ ਨੇੜਲੇ ਪ੍ਰਾਇਮਰੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਰੋਹੜੂ ਦੇ ਜ਼ੋਨਲ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉੱਥੋਂ ਦੋਵਾਂ ਨੂੰ IGMC ਸ਼ਿਮਲਾ ਭੇਜਿਆ ਗਿਆ, ਪਰ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ। ਗੁਆਂਢੀ ਮੁਤਾਬਕ ਵੱਡੀ ਭੈਣ ਦੀ ਉਸੇ ਰਾਤ ਮੌਤ ਹੋ ਗਈ, ਜਦਕਿ ਛੋਟੀ ਭੈਣ ਨੇ ਅਗਲੀ ਸਵੇਰ ਦਮ ਤੋੜ ਦਿੱਤਾ। ਦੋਵਾਂ ਦੀ ਉਮਰ ਕ੍ਰਮਵਾਰ 11 ਸਾਲ ਅਤੇ 8 ਸਾਲ ਦੱਸੀ ਗਈ ਹੈ।

IGMC ਦੇ ਅਧਿਕਾਰੀਆਂ ਮੁਤਾਬਕ ਮੌਤ ਦੇ ਸਹੀ ਕਾਰਨ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗੀ। ਹਾਲਾਂਕਿ ਫਿਲਹਾਲ ਸੱਪ ਦੇ ਡੰਗਣ ਨੂੰ ਮੌਤ ਦਾ ਸਭ ਤੋਂ ਸੰਭਾਵਿਤ ਕਾਰਨ ਮੰਨਿਆ ਜਾ ਰਿਹਾ ਹੈ।