- ਢਾਈ ਸਾਲਾ ਦਿਲਰੋਜ਼ ਕਤਲ ਮਾਮਲਾ: ਬੱਚੀ ਨੂੰ ਦਫਨਾ ਕੇ ਕਤਲ ਕਰਨ ਵਾਲੀ ਨੀਲਮ ਦੀ ਫਾਂਸੀ ਉਮਰਕੈਦ ’ਚ ਬਦਲੀ
ਚੰਡੀਗੜ੍ਹ, 26 ਸਤੰਬਰ (ਦੇਸ਼ ਕਲਿੱਕ ਬਿਊਰੋ): ਲੁਧਿਆਣਾ ਦੀ ਢਾਈ ਸਾਲਾ ਬੱਚੀ ਦਿਲਰੋਜ਼ ਕੌਰ ਨੂੰ ਜ਼ਿੰਦਾ ਦਫ਼ਨਾਉਣ ਦੇ ਮਾਮਲੇ ਵਿੱਚ ਦੋਸ਼ੀ ਨੀਲਮ ਦੀ ਫਾਂਸੀ ਦੀ ਸਜ਼ਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਮਰਕੈਦ ਵਿੱਚ ਬਦਲ ਦਿੱਤੀ ਹੈ। ਅਦਾਲਤ ਦੇ ਹੁਕਮ ਮੁਤਾਬਕ ਨੀਲਮ ਨੂੰ 30 ਸਾਲ ਜੇਲ੍ਹ ਵਿੱਚ ਰਹਿਣਾ ਹੋਵੇਗਾ ਅਤੇ ਇਸ ਮਿਆਦ ਦੌਰਾਨ ਕੋਈ ਛੋਟ ਨਹੀਂ ਮਿਲੇਗੀ।
ਮਾਮਲੇ ਦੀ ਸੁਣਵਾਈ ਦੌਰਾਨ ਦੋਸ਼ੀ ਮਹਿਲਾ ਦੇ ਦੋ ਬੱਚੇ ਹੋਣ ਦਾ ਪੱਖ ਵੀ ਸਾਹਮਣੇ ਰੱਖਿਆ ਗਿਆ। ਅਦਾਲਤ ਨੇ ਸਜ਼ਾ ਵਿੱਚ ਤਬਦੀਲੀ ਕਰਦਿਆਂ ਕਿਹਾ ਕਿ ਉਸ ਨੂੰ ਹਰ ਰੋਜ਼ ਆਪਣੀ ਕੀਤੀ ਗਲਤੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਸਜ਼ਾ ਦੀ ਗੰਭੀਰਤਾ ਮਹਿਸੂਸ ਕਰਨੀ ਚਾਹੀਦੀ ਹੈ।
ਦਿਲਰੋਜ਼ ਦੇ ਪਰਿਵਾਰ ਵੱਲੋਂ ਹਾਲਾਂਕਿ ਇਸ ਫੈਸਲੇ ’ਤੇ ਅਸੰਤੁਸ਼ਟੀ ਜਤਾਈ ਗਈ ਹੈ। ਦਿਲਰੋਜ਼ ਦੀ ਮਾਂ ਨੇ ਕਿਹਾ ਕਿ ਉਹ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ, ਪਰ ਉਹ ਕਾਨੂੰਨ ਤੋਂ ਬਾਹਰ ਜਾ ਕੇ ਕੁਝ ਨਹੀਂ ਕਰ ਸਕਦੇ।
ਰੰਜਿਸ਼ ਕਾਰਨ ਬੱਚੀ ਨੂੰ ਬਣਾਇਆ ਸੀ ਨਿਸ਼ਾਨਾ
ਮਾਮਲੇ ਮੁਤਾਬਕ ਨੀਲਮ ਨੇ ਰੰਜਿਸ਼ ਦੇ ਚਲਦਿਆਂ ਦਿਲਰੋਜ਼ ਨੂੰ ਨਿਸ਼ਾਨਾ ਬਣਾਇਆ ਸੀ। ਦੱਸਿਆ ਗਿਆ ਕਿ ਦਿਲਰੋਜ਼ ਦੇ ਪਿਤਾ ਉਸ ਲਈ ਖਿਡੌਣੇ ਅਤੇ ਹੋਰ ਚੀਜ਼ਾਂ ਲਿਆਉਂਦੇ ਸਨ, ਜਿਸ ਕਾਰਨ ਨੀਲਮ ਦੇ ਬੱਚੇ ਵੀ ਉਹ ਚੀਜ਼ਾਂ ਲੈਣ ਦੀ ਮੰਗ ਕਰਦੇ ਸਨ। ਨੀਲਮ ਇਹ ਮੰਗਾਂ ਪੂਰੀ ਨਹੀਂ ਕਰ ਸਕਦੀ ਸੀ।
28 ਨਵੰਬਰ 2021 ਨੂੰ ਨੀਲਮ ਦਿਲਰੋਜ਼ ਨੂੰ ਸਕੂਟੀ ’ਤੇ ਬਿਠਾ ਕੇ ਐਲਡੀਕੋ ਨੇੜੇ ਇੱਕ ਸੁੰਨਸਾਨ ਥਾਂ ’ਤੇ ਲੈ ਗਈ, ਜਿੱਥੇ ਪਹਿਲਾਂ ਹੀ ਪੁੱਟੇ ਗਏ ਟੋਏ ਵਿੱਚ ਬੱਚੀ ਨੂੰ ਦਫ਼ਨਾ ਦਿੱਤਾ ਗਿਆ। CCTV ਫੁਟੇਜ ਵਿੱਚ ਨੀਲਮ ਬੱਚੀ ਨੂੰ ਆਪਣੇ ਨਾਲ ਲਿਜਾਂਦੀ ਨਜ਼ਰ ਆਈ ਸੀ।
ਪੁੱਛਗਿੱਛ ਦੌਰਾਨ ਪੁਲਿਸ ਮੁਤਾਬਕ ਨੀਲਮ ਨੇ ਜੁਰਮ ਕਬੂਲ ਕੀਤਾ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਬੱਚੀ ਦੀ ਲਾਸ਼ ਬਰਾਮਦ ਕੀਤੀ ਗਈ ਸੀ।
ਸੈਸ਼ਨ ਕੋਰਟ ਨੇ ਸੁਣਾਈ ਸੀ ਫਾਂਸੀ
ਕਰੀਬ ਦੋ ਸਾਲ ਪਹਿਲਾਂ ਸੈਸ਼ਨ ਕੋਰਟ ਨੇ ਨੀਲਮ ਨੂੰ ਦੋਸ਼ੀ ਕਰਾਰ ਦਿੰਦਿਆਂ ਫਾਂਸੀ ਦੀ ਸਜ਼ਾ ਸੁਣਾਈ ਸੀ। ਉਸ ਸਮੇਂ ਨੀਲਮ ਨੇ ਅਦਾਲਤ ਵਿੱਚ ਆਪਣੇ ਦੋ ਬੱਚਿਆਂ ਦਾ ਹਵਾਲਾ ਦਿੰਦਿਆਂ ਰਹਿਮ ਦੀ ਅਪੀਲ ਕੀਤੀ ਸੀ। ਹੁਣ ਹਾਈਕੋਰਟ ਨੇ ਫਾਂਸੀ ਦੀ ਸਜ਼ਾ ਨੂੰ 30 ਸਾਲ ਦੀ ਬਿਨਾਂ ਛੋਟ ਵਾਲੀ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ।







