LPU ‘ਚ ਅਫਵਾਹ ਮਗਰੋਂ ਵਿਦਿਆਰਥੀਆਂ ਦਾ ਹੰਗਾਮਾ, ਭੰਨਤੋੜ ਤੋਂ ਬਾਅਦ ਫਗਵਾੜਾ-ਜਲੰਧਰ ਮਾਰਗ ਜਾਮ

Top Trending News ਪੰਜਾਬ

LPU ‘ਚ ਅਫਵਾਹ ਮਗਰੋਂ ਵਿਦਿਆਰਥੀਆਂ ਦਾ ਹੰਗਾਮਾ, ਭੰਨਤੋੜ ਤੋਂ ਬਾਅਦ ਫਗਵਾੜਾ-ਜਲੰਧਰ ਮਾਰਗ ਜਾਮ

ਫਗਵਾੜਾ, 27 ਸਤੰਬਰ 2026:

ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਐਤਵਾਰ ਤੜਕੇ ਸੋਸ਼ਲ ਮੀਡੀਆ ’ਤੇ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਸਬੰਧੀ ਫੈਲੀ ਅਪੁਸ਼ਟ ਸੂਚਨਾ ਤੋਂ ਬਾਅਦ ਤਣਾਅ ਪੈਦਾ ਹੋ ਗਿਆ। ਵੱਡੀ ਗਿਣਤੀ ਵਿੱਚ ਵਿਦਿਆਰਥੀ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨ ਲੱਗੇ।

ਜਾਣਕਾਰੀ ਅਨੁਸਾਰ, ਰਾਤ ਕਰੀਬ 2 ਵਜੇ ਵਿਦਿਆਰਥੀਆਂ ਦਾ ਇਕੱਠ ਯੂਨੀਵਰਸਿਟੀ ਦੇ ਲੜਕੀਆਂ ਦੇ ਹੋਸਟਲ ਨੇੜੇ ਹੋਇਆ। ਬਾਅਦ ਵਿੱਚ ਪ੍ਰਦਰਸ਼ਨ ਨੇ ਉਗਰ ਰੂਪ ਧਾਰ ਲਿਆ ਅਤੇ ਕੈਂਪਸ ਦੀਆਂ ਕੁਝ ਇਮਾਰਤਾਂ ਦੇ ਸ਼ੀਸ਼ੇ, ਗਮਲੇ ਅਤੇ ਹੋਰ ਸਾਮਾਨ ਨੁਕਸਾਨਿਆ ਗਿਆ। ਕੁਝ ਥਾਵਾਂ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸਾਹਮਣੇ ਆਈਆਂ ਹਨ।

ਤੜਕੇ ਕਰੀਬ 4 ਵਜੇ ਵਿਦਿਆਰਥੀਆਂ ਨੇ ਮੁੱਖ ਦਰਵਾਜ਼ੇ ਵੱਲ ਜਾ ਕੇ ਫਗਵਾੜਾ-ਜਲੰਧਰ ਕੌਮੀ ਮਾਰਗ ’ਤੇ ਧਰਨਾ ਲਗਾ ਦਿੱਤਾ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਪੁਲਿਸ ਨੇ ਮੌਕੇ ’ਤੇ ਭਾਰੀ ਬਲ ਤਾਇਨਾਤ ਕੀਤਾ।

ਕਪੂਰਥਲਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਕਿਹਾ ਕਿ ਪੁਲਿਸ ਨੂੰ ਅਜਿਹੀ ਕਿਸੇ ਘਟਨਾ ਸਬੰਧੀ ਕੋਈ ਰਸਮੀ ਸ਼ਿਕਾਇਤ ਨਹੀਂ ਮਿਲੀ ਅਤੇ ਦਾਅਵੇ ਦੀ ਪੁਸ਼ਟੀ ਕਰਨ ਵਾਲਾ ਕੋਈ ਸਬੂਤ ਵੀ ਸਾਹਮਣੇ ਨਹੀਂ ਆਇਆ। ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ।