PhD ਪੂਰੀ ਕਰਨ ਲਈ ਸ਼ਰਜੀਲ ਇਮਾਮ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਤਿਹਾੜ ਤੋਂ ਮੰਗਿਆ ਜਵਾਬ

Top Trending News ਰਾਸ਼ਟਰੀ

 

PhD ਪੂਰੀ ਕਰਨ ਲਈ ਸ਼ਰਜੀਲ ਇਮਾਮ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਤਿਹਾੜ ਤੋਂ ਮੰਗਿਆ ਜਵਾਬ

ਨਵੀਂ ਦਿੱਲੀ, 28 ਸਤੰਬਰ 2026- ਦਿੱਲੀ ਹਾਈ ਕੋਰਟ ਨੇ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਨਾਲ ਸਬੰਧਤ ਮਾਮਲੇ ਵਿੱਚ ਮੁਲਜ਼ਮ ਸ਼ਰਜੀਲ ਇਮਾਮ ਦੀ ਪਟੀਸ਼ਨ ’ਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਤੋਂ ਜਵਾਬ ਮੰਗਿਆ ਹੈ। ਇਮਾਮ ਨੇ ਆਪਣੀ PhD ਪੂਰੀ ਕਰਨ ਲਈ ਜੇਲ੍ਹ ਅੰਦਰ ਪੈਨ ਡਰਾਈਵ ਵਿੱਚ ਸੁਰੱਖਿਅਤ ਖੋਜ ਸਮੱਗਰੀ ਨੂੰ ਕੰਪਿਊਟਰ ਰਾਹੀਂ ਦੇਖਣ ਦੀ ਇਜਾਜ਼ਤ ਮੰਗੀ ਹੈ।

ਜਸਟਿਸ ਸੰਜੀਵ ਨਰੂਲਾ ਦੀ ਬੈਂਚ ਨੇ ਜੇਲ੍ਹ ਅਧਿਕਾਰੀਆਂ ਨੂੰ ਮਾਮਲੇ ਸਬੰਧੀ ਸਟੇਟਸ ਰਿਪੋਰਟ ਦਾਖ਼ਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਮਾਮ ਵੱਲੋਂ ਪੇਸ਼ ਹੋਏ ਵਕੀਲ ਅਹਿਮਦ ਇਬਰਾਹਿਮ ਨੇ ਅਦਾਲਤ ਨੂੰ ਦੱਸਿਆ ਕਿ ਇਮਾਮ ਜਨਵਰੀ 2020 ਤੋਂ ਹਿਰਾਸਤ ਵਿੱਚ ਹੈ ਅਤੇ ਗ੍ਰਿਫ਼ਤਾਰੀ ਸਮੇਂ ਉਹ ਪੀਐਚਡੀ ਦੇ ਆਖਰੀ ਸਾਲ ਵਿੱਚ ਸੀ।

ਵਕੀਲ ਮੁਤਾਬਕ ਇਮਾਮ ਦੀ ਪੀਐਚਡੀ ਦੀ ਸਿਨੇਪਸਿਸ ਨੂੰ ਯੂਜੀਸੀ ਅਤੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ। ਪਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਜੇਲ੍ਹ ਸਟਾਫ ਦੀ ਨਿਗਰਾਨੀ ਹੇਠ, ਬਿਨਾਂ ਇੰਟਰਨੈੱਟ ਵਾਲੇ ਕੰਪਿਊਟਰ ’ਤੇ ਪੈਨ ਡਰਾਈਵ ਵਿੱਚ ਮੌਜੂਦ ਖੋਜ ਸਮੱਗਰੀ ਤੱਕ ਪਹੁੰਚ ਦਿੱਤੀ ਜਾਵੇ, ਤਾਂ ਜੋ ਉਹ ਆਪਣਾ ਖੋਜ ਕਾਰਜ ਪੂਰਾ ਕਰ ਸਕੇ।