BIG BREAKING: ਦੁਨੀਆ ਦੀ ਸਭ ਤੋਂ ਵੱਡੀ ਤੇਲ ਕੰਪਨੀ ‘ਤੇ ਮਿਜ਼ਾਈਲ ਹਮਲਾ
ਧਹਰਾਨ 14 ਅਕਤੂਬਰ 2026
ਸਾਊਦੀ ਅਰਬ ਅਤੇ ਯਮਨ ਦੇ ਈਰਾਨ-ਸਮਰਥਿਤ ਹੂਤੀ ਬਾਗ਼ੀਆਂ ਵਿਚਾਲੇ ਵਧ ਰਹੇ ਤਣਾਅ ਦਰਮਿਆਨ ਮੰਗਲਵਾਰ ਦੇਰ ਰਾਤ ਸਾਊਦੀ ਅਰਬ ਦੇ ਪੂਰਬੀ ਸ਼ਹਿਰ ਧਹਰਾਨ ਵਿੱਚ ਵੱਡਾ ਮਿਜ਼ਾਈਲ ਹਮਲਾ ਹੋਇਆ। ਬੈਲਿਸਟਿਕ ਮਿਜ਼ਾਈਲ ਰਾਹੀਂ ਦੁਨੀਆ ਦੀ ਸਭ ਤੋਂ ਵੱਡੀ ਕੱਚੇ ਤੇਲ ਦੀ ਉਤਪਾਦਕ ਕੰਪਨੀ ‘ਸਾਊਦੀ ਅਰਾਮਕੋ’ ਦੇ ਪ੍ਰਸ਼ਾਸਕੀ ਕੇਂਦਰ ਨੂੰ ਨਿਸ਼ਾਨਾ ਬਣਾਇਆ ਗਿਆ।
ਮਿਜ਼ਾਈਲ ਹਮਲੇ ਤੋਂ ਬਾਅਦ ਇਮਾਰਤ ਦੇ ਇੱਕ ਹਿੱਸੇ ਵਿੱਚ ਭਿਆਨਕ ਅੱਗ ਲੱਗ ਗਈ। ਸੂਚਨਾ ਮਿਲਦੇ ਹੀ ਅੱਗ ਬੁਝਾਊ ਦਸਤੇ ਅਤੇ ਰਾਹਤ ਕਰਮੀ ਮੌਕੇ ’ਤੇ ਪਹੁੰਚੇ ਅਤੇ ਕਾਫ਼ੀ ਜੱਦੋਜਹਿਦ ਮਗਰੋਂ ਸਥਿਤੀ ’ਤੇ ਕਾਬੂ ਪਾ ਲਿਆ। ਸਾਊਦੀ ਸਰਕਾਰੀ ਸਮਾਚਾਰ ਏਜੰਸੀ ਐੱਸਪੀਏ ਨੇ ਊਰਜਾ ਮੰਤਰਾਲੇ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਹਮਲੇ ਅਤੇ ਅੱਗ ਲੱਗਣ ਦੀ ਪੁਸ਼ਟੀ ਕੀਤੀ ਹੈ।
ਰਾਹਤ ਦੀ ਗੱਲ ਇਹ ਰਹੀ ਕਿ ਹਮਲੇ ਵਿੱਚ ਕਿਸੇ ਵਿਅਕਤੀ ਦੇ ਜ਼ਖ਼ਮੀ ਜਾਂ ਮਾਰੇ ਜਾਣ ਦੀ ਸੂਚਨਾ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮਿਜ਼ਾਈਲ ਦੇ ਸਿੱਧੇ ਪ੍ਰਭਾਵ ਕਾਰਨ ਅਰਾਮਕੋ ਦੇ ਮੁੱਖ ਦਫ਼ਤਰ ਦੀਆਂ ਉੱਪਰਲੀਆਂ ਤਿੰਨ ਮੰਜ਼ਿਲਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਇਹ ਕੇਂਦਰ ਤੇਲ ਸ਼ੋਧਨ, ਪਾਈਪਲਾਈਨ ਜਾਲ ਅਤੇ ਤੇਲ ਦੀ ਬਰਾਮਦ ਨਾਲ ਜੁੜੀਆਂ ਅਹਿਮ ਕਾਰਵਾਈਆਂ ਦਾ ਪ੍ਰਮੁੱਖ ਕੇਂਦਰ ਮੰਨਿਆ ਜਾਂਦਾ ਹੈ।







