ਵੱਡੀ ਖ਼ਬਰ: ਰੈਸਟੋਰੈਂਟ ‘ਚ ਭਿਆਨਕ ਅੱਗ, ਜਾਨ ਬਚਾਉਣ ਲਈ ਦੂਜੀ ਮੰਜ਼ਿਲ ਤੋਂ ਮਾਰੀਆਂ ਛਾਲਾਂ
ਨਵੀਂ ਦਿੱਲੀ 14 ਅਕਤੂਬਰ 2026
ਦਿੱਲੀ ਦੇ ਜਾਫ਼ਰਾਬਾਦ-ਮੌਜਪੁਰ ਇਲਾਕੇ ਵਿੱਚ ਸਥਿਤ ਇੱਕ ਰੈਸਟੋਰੈਂਟ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਹਫ਼ੜਾ-ਦਫ਼ੜੀ ਮਚ ਗਈ। ਅੱਗ ਲੱਗਣ ਸਮੇਂ ਰੈਸਟੋਰੈਂਟ ਵਿੱਚ ਬੈਠੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਆਪਣੀ ਜਾਨ ਬਚਾਉਣ ਲਈ ਉਹ ਤੁਰੰਤ ਬਾਹਰ ਵੱਲ ਭੱਜਣ ਲੱਗੇ। ਇਸ ਦੌਰਾਨ ਕੁਝ ਲੋਕਾਂ ਨੇ ਜਾਨ ਬਚਾਉਣ ਲਈ ਦੂਜੀ ਮੰਜ਼ਿਲ ਤੋਂ ਹੇਠਾਂ ਛਾਲਾਂ ਮਾਰ ਦਿੱਤੀਆਂ।
ਮੁੱਢਲੀ ਜਾਣਕਾਰੀ ਅਨੁਸਾਰ, ਅੱਗ ਲੱਗਣ ਦਾ ਕਾਰਨ ਰਸੋਈ ਵਿੱਚ ਰੱਖੇ ਗੈਸ ਸਿਲੰਡਰ ਨੂੰ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਅੱਗ ਲੱਗਣ ਦੇ ਅਸਲ ਕਾਰਨਾਂ ਦੀ ਅਧਿਕਾਰਤ ਪੁਸ਼ਟੀ ਹੋਣੀ ਹਾਲੇ ਬਾਕੀ ਹੈ।
ਘਟਨਾ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਵੀ ਮਦਦ ਲਈ ਅੱਗੇ ਆਏ ਅਤੇ ਅੱਗ ਬੁਝਾਉਣ ਦੇ ਯਤਨ ਕੀਤੇ। ਦੱਸਿਆ ਜਾ ਰਿਹਾ ਹੈ ਕਿ ਅੱਗ ਬੁਝਾਊ ਦਸਤੇ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਲੋਕਾਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ।
ਘਟਨਾ ਰਾਤ ਸਮੇਂ ਵਾਪਰੀ, ਜਿਸ ਕਾਰਨ ਕੁਝ ਸਮੇਂ ਲਈ ਇਲਾਕੇ ਵਿੱਚ ਦਹਿਸ਼ਤ ਅਤੇ ਹਫ਼ੜਾ ਦਫ਼ੜੀ ਵਾਲਾ ਮਾਹੌਲ ਬਣਿਆ ਰਿਹਾ। ਫਿਲਹਾਲ, ਇਸ ਘਟਨਾ ਵਿੱਚ ਜਾਨੀ ਨੁਕਸਾਨ ਜਾਂ ਜ਼ਖ਼ਮੀਆਂ ਦੀ ਗਿਣਤੀ ਬਾਰੇ ਕੋਈ ਪੁਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ।







