- ਨੀਲਾ ਡਰੱਮ ਹੱਤਿਆ ਕਾਂਡ: ਪਤੀ ਨੂੰ ਠਿਕਾਣੇ ਲਾਉਣ ਵਾਲੀ ਮੁਸਕਾਨ ਅਤੇ ਉਸ ਦੇ ਪ੍ਰੇਮੀ ਨੂੰ ਫਾਂਸੀ ਦੀ ਸਜ਼ਾ
ਮੇਰਠ, 14 ਅਕਤੂਬਰ (ਦੇਸ਼ ਕਲਿੱਕ ਬਿਊਰੋ): ਮੇਰਠ ਵਿੱਚ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਸੌਰਭ ਰਾਜਪੂਤ ਦਾ ਕਤਲ ਕਰਨ ਦੀ ਸਾਜ਼ਿਸ਼ ਰਚਣ ਵਾਲੀ ਮੁਸਕਾਨ ਅਤੇ ਉਸ ਦੇ ਪ੍ਰੇਮੀ ਸਾਹਿਲ ਨੂੰ ਅਦਾਲਤ ਵੱਲੋਂ ਮੌਤ ਦੀ ਸਜ਼ਾ ਸੁਣਾਈ ਗਈ। ਸਜ਼ਾ ਸੁਣਾਉਂਦੇ ਸਮੇਂ ਜੱਜ ਨੇ ਕਿਹਾ, “ਇਹ ਇੱਕ ਬੇਰਹਿਮੀ ਨਾਲ ਕੀਤਾ ਗਿਆ ਕਤਲ ਹੈ; ਕੋਈ ਮੁਆਫ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ।”
ਸਜ਼ਾ ਸੁਣਾਉਣ ਤੋਂ ਪਹਿਲਾਂ, ਮੁਸਕਾਨ ਅਤੇ ਸਾਹਿਲ, ਜੋ ਜੇਲ੍ਹ ਵਿੱਚ ਸਨ, ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ ਹੋਏ ਸਨ। ਸਜ਼ਾ ਸੁਣਦੇ ਹੀ ਮੁਸਕਾਨ ਰਸਤੋਗੀ ਅਤੇ ਸਾਹਿਲ ਰੋ ਪਏ। ਜੱਜ ਨੇ ਮੁਸਕਾਨ ਨੂੰ ਪੁੱਛਿਆ, “ਤੁਸੀਂ ਆਪਣੇ ਪਤੀ ਸੌਰਭ ਰਾਜਪੂਤ ਦੇ ਕਤਲ ਦੇ ਦੋਸ਼ੀ ਹੋ। ਤੁਸੀਂ ਕੀ ਸਜ਼ਾ ਚਾਹੁੰਦੇ ਹੋ?” ਉਸਨੇ ਜਵਾਬ ਦਿੱਤਾ, “ਮੇਰੀਆਂ ਧੀਆਂ ਦਾ ਧਿਆਨ ਰੱਖਣਾ ਚਾਹੀਦਾ ਹੈ।” ਫਿਰ ਉਹ ਚੁੱਪ ਹੋ ਗਈ। ਸਾਹਿਲ ਨੂੰ ਫਿਰ ਉਹੀ ਸਵਾਲ ਪੁੱਛਿਆ ਗਿਆ, ਪਰ ਉਹ ਚੁੱਪ ਰਿਹਾ।
ਸਜ਼ਾ ਸੁਣਾਏ ਜਾਣ ਤੋਂ ਬਾਅਦ ਸੌਰਭ ਦੀ ਮਾਂ ਰੋ ਪਈ। ਉਸਨੇ ਕਿਹਾ, “ਇਨਸਾਫ਼ ਹੋਇਆ ਹੈ।” ਸੌਰਭ ਰਾਜਪੂਤ ਦਾ ਕਤਲ 3 ਮਾਰਚ, 2025 ਨੂੰ ਕੀਤਾ ਗਿਆ ਸੀ। ਉਸਦੀ ਲਾਸ਼ ਨੂੰ ਉਸ ਦੀ ਪਤਨੀ ਮੁਸਕਾਨ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪੰਜ ਟੁਕੜਿਆਂ ਵਿੱਚ ਕੱਟ ਕੇ ਇੱਕ ਨੀਲੇ ਡਰੰਮ ਵਿੱਚ ਭਰ ਦਿੱਤਾ ਗਿਆ ਸੀ।







