ਅੰਕਿਤਾ ਭੰਡਾਰੀ ਮਾਮਲੇ ’ਚ ਇਨਸਾਫ਼ ਦੀ ਮੰਗ ਤੇਜ਼, ਇੰਡੀਆ ਗੇਟ ’ਤੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ
ਨਵੀਂ ਦਿੱਲੀ 15 ਅਕਤੂਬਰ 2026: ਅੰਕਿਤਾ ਭੰਡਾਰੀ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਅਤੇ ਸਿੱਕਮ ਦੇ ਰਾਜਪਾਲ ਵਜੋਂ ਦੁਸ਼ਯੰਤ ਗੌਤਮ ਦੀ ਨਿਯੁਕਤੀ ਦੇ ਵਿਰੋਧ ਵਿੱਚ ਦਿੱਲੀ ਦੇ ਇੰਡੀਆ ਗੇਟ ’ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਪੁਲਿਸ ਨੇ ਵੀਰਵਾਰ ਤੜਕੇ ਹਿਰਾਸਤ ਵਿੱਚ ਲੈ ਲਿਆ। ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਅੰਕਿਤਾ ਭੰਡਾਰੀ ਦੇ ਮਾਪੇ, ਕਾਂਗਰਸੀ ਆਗੂ ਅਤੇ ਹੋਰ ਪ੍ਰਦਰਸ਼ਨਕਾਰੀ ਸ਼ਾਮਲ ਸਨ।
ਜਾਣਕਾਰੀ ਅਨੁਸਾਰ, ਦਿੱਲੀ ਪੁਲਿਸ ਨੇ ਤੜਕੇ ਕਰੀਬ 4 ਵਜੇ ਕਾਰਵਾਈ ਕਰਦਿਆਂ ਪ੍ਰਦਰਸ਼ਨਕਾਰੀਆਂ ਨੂੰ ਕੁਝ ਸਮੇਂ ਲਈ ਹਿਰਾਸਤ ਵਿੱਚ ਲਿਆ। ਪ੍ਰਦਰਸ਼ਨਕਾਰੀਆਂ ਵੱਲੋਂ ਸਾਲ 2022 ਵਿੱਚ ਹੋਏ ਅੰਕਿਤਾ ਭੰਡਾਰੀ ਕਤਲ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਦੁਸ਼ਯੰਤ ਗੌਤਮ ਨੂੰ ਸਿੱਕਮ ਦਾ ਰਾਜਪਾਲ ਨਿਯੁਕਤ ਕੀਤੇ ਜਾਣ ਦਾ ਵਿਰੋਧ ਵੀ ਕੀਤਾ ਜਾ ਰਿਹਾ ਸੀ।
ਇਸ ਕਾਰਵਾਈ ਤੋਂ ਬਾਅਦ ਕਾਂਗਰਸ ਨੇ ਦਿੱਲੀ ਪੁਲਿਸ ’ਤੇ ਗੰਭੀਰ ਦੋਸ਼ ਲਗਾਏ ਹਨ। ਪਾਰਟੀ ਦਾ ਦੋਸ਼ ਹੈ ਕਿ ਪੁਲਿਸ ਨੇ ਇਨਸਾਫ਼ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨਾਲ ਦੁਰਵਿਵਹਾਰ ਕੀਤਾ। ਅੰਕਿਤਾ ਭੰਡਾਰੀ ਕਤਲ ਮਾਮਲਾ ਲੰਮੇ ਸਮੇਂ ਤੋਂ ਚਰਚਾ ਵਿੱਚ ਹੈ। ਇਸ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨੂੰ ਲੈ ਕੇ ਮੁੜ ਉੱਠੀ ਆਵਾਜ਼ ਨੇ ਸਿਆਸੀ ਮਾਹੌਲ ਗਰਮਾ ਦਿੱਤਾ ਹੈ।







