Breaking- ਅਮਰੀਕਾ ’ਚ ਹਿੰਦੂ ਮੰਦਰ ’ਤੇ ਹਮਲੇ ਦੀ ਸਾਜ਼ਿਸ਼! 19 ਸਾਲਾ ਨੌਜਵਾਨ ਗ੍ਰਿਫ਼ਤਾਰ, ਭਾਰਤੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਸ਼ੱਕ

Top Trending News ਕੌਮਾਂਤਰੀ

 

Breaking- ਅਮਰੀਕਾ ’ਚ ਹਿੰਦੂ ਮੰਦਰ ’ਤੇ ਹਮਲੇ ਦੀ ਸਾਜ਼ਿਸ਼! 19 ਸਾਲਾ ਨੌਜਵਾਨ ਗ੍ਰਿਫ਼ਤਾਰ, ਭਾਰਤੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦਾ ਸ਼ੱਕ

ਅਮਰੀਕਾ 15 ਅਕਤੂਬਰ 2026- ਅਮਰੀਕਾ ਦੇ ਇਲੀਨੋਇਸ ਸੂਬੇ ਦੇ ਔਰੋਰਾ ਇਲਾਕੇ ਵਿੱਚ ਹਿੰਦੂ ਮੰਦਰ ’ਤੇ ਹਮਲੇ ਅਤੇ ਵੱਡੇ ਪੱਧਰ ’ਤੇ ਗੋਲੀਬਾਰੀ ਦੀ ਕਥਿਤ ਸਾਜ਼ਿਸ਼ ਦੇ ਮਾਮਲੇ ਵਿੱਚ 19 ਸਾਲਾ ਨੌਜਵਾਨ ਐਲੇਕਜ਼ੈਂਡਰੋਸ ਪੈਪੋਰਾਕਿਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਏਜੰਸੀਆਂ ਨੂੰ ਇੱਕ ਕਥਿਤ ਮੈਨੀਫੈਸਟੋ ਵੀ ਮਿਲਿਆ ਹੈ, ਜਿਸ ਵਿੱਚ ਨਸਲਵਾਦੀ ਅਤੇ ਗੋਰੇ ਸਰਬਉੱਚਤਾ ਦੀ ਵਿਚਾਰਧਾਰਾ ਦੇ ਨਾਲ ਭਾਰਤੀ ਮੂਲ ਦੇ ਲੋਕਾਂ ਵਿਰੁੱਧ ਹਿੰਸਾ ਦਾ ਜ਼ਿਕਰ ਹੋਣ ਦੀ ਗੱਲ ਸਾਹਮਣੇ ਆਈ ਹੈ।

ਪੀਟੀਆਈ ਦੀ ਰਿਪੋਰਟ ਮੁਤਾਬਕ, ਮੁਲਜ਼ਮ ਨੂੰ 11 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ ਹਨ ਅਤੇ ਉਸ ਨੂੰ 30 ਅਕਤੂਬਰ ਨੂੰ ਮੁੜ ਪੇਸ਼ ਕੀਤਾ ਜਾਣਾ ਹੈ। ਪੁਲਿਸ ਨੂੰ ਇਸ ਕਥਿਤ ਸਾਜ਼ਿਸ਼ ਬਾਰੇ ਜਾਣਕਾਰੀ ਇੱਕ ਵਿਅਕਤੀ ਵੱਲੋਂ ਮਿਲੇ ਚਿੰਤਾਜਨਕ ਸੰਦੇਸ਼ਾਂ ਰਾਹੀਂ ਮਿਲੀ। ਮੁਲਜ਼ਮ ਵੱਲੋਂ ਸਾਂਝੇ ਕੀਤੇ ਦਸਤਾਵੇਜ਼ ਵਿੱਚ ਕਥਿਤ ਗੋਲੀਬਾਰੀ ਦੀ ਯੋਜਨਾ ਦਾ ਜ਼ਿਕਰ ਸੀ।

ਇਸ ਤੋਂ ਇਲਾਵਾ ਰਾਈਫਲ, ਮੈਗਜ਼ੀਨ, ਸੁਰੱਖਿਆ ਕਵਚ ਅਤੇ ਹੋਰ ਸਾਮਾਨ ਦੀਆਂ ਤਸਵੀਰਾਂ ਵੀ ਮਿਲੀਆਂ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ 11 ਅਕਤੂਬਰ ਨੂੰ ਹਮਲਾ ਕਰਨ ਦੀ ਯੋਜਨਾ ਸੀ। ਹਾਲਾਂਕਿ, ਪੁਲਿਸ ਨੇ ਸਪੱਸ਼ਟ ਕੀਤਾ ਹੈ ਕਿ ਨਿਸ਼ਾਨਾ ਬਣਾਏ ਜਾਣ ਵਾਲੇ ਖ਼ਾਸ ਮੰਦਰ ਦੀ ਅਜੇ ਪੁਸ਼ਟੀ ਨਹੀਂ ਹੋਈ ਅਤੇ ਜਾਂਚ ਜਾਰੀ ਹੈ।