- ਪਰਵਿੰਦਰ ਝੋਟਾ ਕਤਲ ਮਾਮਲਾ: ਝੋਟੇ ਦੇ ਪਿਤਾ ਤੇ ਸੰਘਰਸ਼ ਕਮੇਟੀ ਵੱਲੋਂ ਪੰਜਾਬ ਬੰਦ ਲਈ ਲੋਕਾਂ ਦਾ ਧੰਨਵਾਦ
- SHO ਨੂੰ ਮੁਅੱਤਲ ਕਰਨਾ ਕਾਫ਼ੀ ਨਹੀਂ
- SHO, DSP, SP ਅਤੇ ਡਰੱਗ ਇੰਸਪੈਕਟਰ ਸਮੇਤ ਸਬੰਧਤ ਅਧਿਕਾਰੀਆਂ ਨੂੰ ਨੌਕਰੀ ਤੋਂ ਕੀਤਾ ਜਾਵੇ ਬਰਖ਼ਾਸਤ
- ਪੀੜਤ ਪਰਿਵਾਰ ਨੇ ਦੁਕਾਨਾਂ ਤੇ ਬਾਜ਼ਾਰ ਖੋਲ੍ਹਣ ਦੀ ਕੀਤੀ ਅਪੀਲ
- ਮਾਨਸਾ ’ਚ ਧਰਨਾ ਜਾਰੀ ਰਹੇਗਾ
ਮਾਨਸਾ: 15 ਅਕਤੂਬਰ (ਦੇਸ਼ ਕਲਿੱਕ ਬਿਊਰੋ): ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿੱਚ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਪੀੜਤ ਪਰਿਵਾਰ ਅਤੇ ਸੰਘਰਸ਼ ਕਮੇਟੀ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ। ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਨੇ ਕਿਹਾ ਕਿ ਮਾਨਸਾ ਲਗਾਤਾਰ ਤਿੰਨ ਦਿਨ ਬੰਦ ਰਿਹਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਗਲੇ ਦਿਨ ਤੋਂ ਬਾਜ਼ਾਰ ਅਤੇ ਦੁਕਾਨਾਂ ਆਮ ਵਾਂਗ ਖੋਲ੍ਹ ਦਿੱਤੀਆਂ ਜਾਣ।
ਉਨ੍ਹਾਂ ਸਪੱਸ਼ਟ ਕੀਤਾ ਕਿ ਦੁਕਾਨਾਂ ਖੋਲ੍ਹਣ ਦੀ ਅਪੀਲ ਦੇ ਬਾਵਜੂਦ ਮਾਨਸਾ ਵਿੱਚ ਚੱਲ ਰਿਹਾ ਧਰਨਾ ਜਾਰੀ ਰਹੇਗਾ। ਸੰਘਰਸ਼ ਕਮੇਟੀ ਵੱਲੋਂ ਅਗਲੇ ਪ੍ਰੋਗਰਾਮਾਂ ਦਾ ਐਲਾਨ ਭਲਕੇ ਹੋਣ ਵਾਲੀ ਮੀਟਿੰਗ ਤੋਂ ਬਾਅਦ ਕੀਤਾ ਜਾਵੇਗਾ।
SHO ਸਮੇਤ ਹੋਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਸੰਘਰਸ਼ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਸਿਰਫ਼ ਥਾਣਾ ਮੁਖੀ (SHO) ਨੂੰ ਮੁਅੱਤਲ ਕਰਨਾ ਕਾਫ਼ੀ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਵਿੱਚ ਜ਼ਿੰਮੇਵਾਰ SHO, DSP, SP ਅਤੇ ਡਰੱਗ ਇੰਸਪੈਕਟਰ ਸਮੇਤ ਸਬੰਧਤ ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਕੇਸ ਵੀ ਦਰਜ ਕੀਤਾ ਜਾਵੇ।
ਕਮੇਟੀ ਨੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (CBI) ਤੋਂ ਕਰਵਾਉਣ ਦੀ ਮੰਗ ਵੀ ਦੁਹਰਾਈ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ’ਤੇ ਕਾਰਵਾਈ ਨਹੀਂ ਹੁੰਦੀ, ਮਾਨਸਾ ਵਿੱਚ ਧਰਨਾ ਜਾਰੀ ਰਹੇਗਾ।







