ਪੰਜਾਬ ‘ਚ ਗ੍ਰਿਫਤਾਰ SNAP ਘੁਟਾਲੇ ਦਾ ਮੁਲਜ਼ਮ ਮਨਜੀਤ ਬੇਦੀ ਅਮਰੀਕਾ ਹਵਾਲੇ

Top Trending News ਕੌਮਾਂਤਰੀ ਪੰਜਾਬ
  • ਪੰਜਾਬ ‘ਚ ਗ੍ਰਿਫਤਾਰ SNAP ਘੁਟਾਲੇ ਦਾ ਮੁਲਜ਼ਮ ਮਨਜੀਤ ਬੇਦੀ ਅਮਰੀਕਾ ਹਵਾਲੇ

ਚੰਡੀਗੜ੍ਹ, 16 ਅਕਤੂਬਰ (ਦੇਸ਼ ਕਲਿੱਕ ਬਿਊਰੋ): ਅਮਰੀਕਾ ਵਿੱਚ 6 ਲੱਖ ਡਾਲਰ (ਲਗਭਗ 5.6 ਕਰੋੜ ਰੁਪਏ) ਦੇ ਫੂਡ ਅਸਿਸਟੈਂਸ ਪ੍ਰੋਗਰਾਮ (SNAP) ਘੁਟਾਲੇ ਦੇ ਮਾਮਲੇ ਵਿੱਚ ਲੋੜੀਂਦੇ ਮਨਜੀਤ ਸਿੰਘ ਬੇਦੀ ਨੂੰ ਪੰਜਾਬ ਪੁਲਿਸ ਅਤੇ ਅੰਤਰਰਾਸ਼ਟਰੀ ਏਜੰਸੀਆਂ ਦੇ ਸਾਂਝੇ ਯਤਨਾਂ ਨਾਲ ਗ੍ਰਿਫ਼ਤਾਰ ਕਰਕੇ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ। ਬੇਦੀ ਨੂੰ FBI ਦੀ ‘ਮੋਸਟ ਵਾਂਟੇਡ ਫਰਾਡਸਟਰਜ਼’ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਉਸ ’ਤੇ ਗਰੀਬ ਲੋਕਾਂ ਲਈ ਨਿਰਧਾਰਤ ਖੁਰਾਕ ਸਹਾਇਤਾ ਫੰਡ ਵਿੱਚ ਧੋਖਾਧੜੀ ਕਰਨ ਦੇ ਦੋਸ਼ ਹਨ।

ਜਾਣਕਾਰੀ ਮੁਤਾਬਕ, ਬੇਦੀ ਵਾਸ਼ਿੰਗਟਨ ਦੇ ਟਾਕੋਮਾ ਸ਼ਹਿਰ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਅਪ੍ਰੈਲ 2026 ਵਿੱਚ ਅਮਰੀਕੀ ਅਦਾਲਤ ਵਿੱਚ ਵਾਇਰ ਫਰਾਡ ਦੇ ਮਾਮਲੇ ਵਿੱਚ ਆਪਣੇ ਆਪ ਨੂੰ ਬੇਕਸੂਰ ਦੱਸਣ ਤੋਂ ਬਾਅਦ ਉਹ ਜ਼ਮਾਨਤ ਦੀਆਂ ਸ਼ਰਤਾਂ ਦੀ ਕਥਿਤ ਉਲੰਘਣਾ ਕਰਦਿਆਂ ਕੈਨੇਡਾ ਦੇ ਰਸਤੇ ਭਾਰਤ ਆ ਗਿਆ ਸੀ ਅਤੇ ਜਲੰਧਰ ਵਿੱਚ ਲੁਕਿਆ ਹੋਇਆ ਸੀ।

FBI ਨੇ 3 ਸਤੰਬਰ 2026 ਨੂੰ ਉਸ ਨੂੰ ‘ਮੋਸਟ ਵਾਂਟੇਡ ਫਰਾਡਸਟਰਜ਼’ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਇਸ ਤੋਂ ਬਾਅਦ ਮਿਲੀ ਜਾਣਕਾਰੀ ਦੇ ਆਧਾਰ ’ਤੇ ਜਲੰਧਰ ਪੁਲਿਸ ਅਤੇ ਭਾਰਤੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕਾਰਵਾਈ ਕਰਦਿਆਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

15 ਅਕਤੂਬਰ ਨੂੰ ਅਮਰੀਕੀ ਏਜੰਟਾਂ ਦੇ ਹਵਾਲੇ ਕੀਤਾ
15 ਅਕਤੂਬਰ ਨੂੰ ਮਨਜੀਤ ਸਿੰਘ ਬੇਦੀ ਨੂੰ ਅਮਰੀਕੀ ਏਜੰਟਾਂ ਦੇ ਹਵਾਲੇ ਕਰ ਦਿੱਤਾ ਗਿਆ। ਉਹ ਹੁਣ ਵਾਸ਼ਿੰਗਟਨ ਦੇ ਵੈਸਟਰਨ ਡਿਸਟ੍ਰਿਕਟ ਪਹੁੰਚ ਚੁੱਕਾ ਹੈ, ਜਿੱਥੇ ਟਾਕੋਮਾ ਸਥਿਤ ਅਮਰੀਕੀ ਜ਼ਿਲ੍ਹਾ ਅਦਾਲਤ ਵਿੱਚ ਉਸ ਵਿਰੁੱਧ ਮੁਕੱਦਮਾ ਚਲਾਇਆ ਜਾਵੇਗਾ। FBI ਦੇ ਡਾਇਰੈਕਟਰ ਕਾਸ਼ ਪਟੇਲ ਅਤੇ ਅਮਰੀਕੀ ਅਟਾਰਨੀ ਦਫ਼ਤਰ ਨੇ ਬੇਦੀ ਨੂੰ ਅਮਰੀਕਾ ਹਵਾਲੇ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਇਸ ਕਾਰਵਾਈ ਵਿੱਚ ਸਹਿਯੋਗ ਦੇਣ ਲਈ ਪੰਜਾਬ ਪੁਲਿਸ ਅਤੇ ਭਾਰਤੀ ਏਜੰਸੀਆਂ ਦਾ ਧੰਨਵਾਦ ਵੀ ਕੀਤਾ। ਬੇਦੀ ਦੇ ਅਮਰੀਕਾ ਪਹੁੰਚਣ ਮਗਰੋਂ ਇਸ ਸਬੰਧੀ ਪ੍ਰੈੱਸ ਰਿਲੀਜ਼ ਜਾਰੀ ਕੀਤੀ ਗਈ।