ਗਲੀ ਵਿੱਚ ਖੇਡ ਰਹੇ ਦੋ ਸਾਲ ਦੇ ਬੱਚੇ ਨੂੰ ਥਾਰ ਨੇ ਕੁਚਲਿਆ

Top Trending News ਪੰਜਾਬ
  • ਗਲੀ ਵਿੱਚ ਖੇਡ ਰਹੇ ਦੋ ਸਾਲ ਦੇ ਬੱਚੇ ਨੂੰ ਥਾਰ ਨੇ ਕੁਚਲਿਆ

ਜ਼ੀਰਕਪੁਰ: 16 ਅਕਤੂਬਰ (ਦੇਸ਼ ਕਲਿੱਕ ਬਿਊਰੋ): ਜ਼ੀਰਕਪੁਰ ਵਿੱਚ ਗਲੀ ’ਚ ਖੇਡ ਰਹੇ ਕਰੀਬ ਦੋ ਸਾਲਾ ਮਾਸੂਮ ਬੱਚੇ ਨੂੰ ਥਾਰ ਗੱਡੀ ਨੇ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋਏ ਬੱਚੇ ਨੂੰ ਚੰਡੀਗੜ੍ਹ ਦੇ ਜੀਐੱਮਸੀਐੱਚ-32 ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਬੱਚੇ ਦੇ ਪਿਤਾ ਦੀ ਸ਼ਿਕਾਇਤ ’ਤੇ ਥਾਰ ਚਾਲਕ ਰੁਸਤਮ ਖ਼ਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ 106 ਅਤੇ 281 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤਕਰਤਾ ਮੁਹੰਮਦ ਅਸਲਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਮੋਹਾਲੀ ਵਿੱਚ ਮਜ਼ਦੂਰੀ ਕਰਦਾ ਹੈ ਅਤੇ ਕੰਮ ਤੋਂ ਬਾਅਦ ਆਪਣੇ ਰਿਸ਼ਤੇਦਾਰ ਦੇ ਘਰ ਰਹਿੰਦਾ ਹੈ। ਉਸ ਦੀ ਪਤਨੀ ਸਬਨਮ ਬੀ ਅਤੇ ਕਰੀਬ ਦੋ ਸਾਲਾ ਪੁੱਤਰ ਆਰਿਸ਼ਾਨ ਵੀ ਉਸ ਦੇ ਨਾਲ ਰਹਿੰਦੇ ਸਨ।

ਅਸਲਮ ਮੁਤਾਬਕ, 13 ਅਕਤੂਬਰ ਦੀ ਸ਼ਾਮ ਕਰੀਬ 6 ਵਜੇ ਉਹ ਕੰਮ ’ਤੇ ਸੀ, ਜਦੋਂ ਉਸ ਦੀ ਪਤਨੀ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਸ਼ਾਮ ਕਰੀਬ 5:30 ਵਜੇ ਆਰਿਸ਼ਾਨ ਗਲੀ ਵਿੱਚ ਖੇਡ ਰਿਹਾ ਸੀ, ਜਿਸ ਦੌਰਾਨ ਇੱਕ ਥਾਰ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ।

ਚਾਲਕ ’ਤੇ ਧਮਕਾਉਣ ਦੇ ਵੀ ਦੋਸ਼
ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਸਲਮ ਨੇ ਦੋਸ਼ ਲਾਇਆ ਕਿ ਹਸਪਤਾਲ ਵਿੱਚ ਥਾਰ ਚਾਲਕ ਰੁਸਤਮ ਪੰਜ ਤੋਂ ਸੱਤ ਹੋਰ ਵਿਅਕਤੀਆਂ ਨਾਲ ਮੌਜੂਦ ਸੀ। ਸ਼ਿਕਾਇਤ ਮੁਤਾਬਕ, ਚਾਲਕ ਨੇ ਬੱਚੇ ਦੀ ਮੌਤ ਛੱਤ ਤੋਂ ਡਿੱਗਣ ਕਾਰਨ ਹੋਣ ਦੀ ਗੱਲ ਕਹੀ ਅਤੇ ਉਸ ਨੂੰ ਧਮਕਾਇਆ। ਹਾਲਾਂਕਿ, ਇਨ੍ਹਾਂ ਦੋਸ਼ਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋ ਸਕੇਗੀ।

ਸ਼ਿਕਾਇਤਕਰਤਾ ਨੇ ਕਿਹਾ ਕਿ ਉਸ ਦੀ ਪਤਨੀ ਨੇ ਹਾਦਸੇ ਵਿੱਚ ਸ਼ਾਮਲ ਥਾਰ ਦਾ ਨੰਬਰ ਵੀ ਦੱਸਿਆ ਸੀ। ਪਰਿਵਾਰ ਸਦਮੇ ਵਿੱਚ ਹੋਣ ਕਾਰਨ ਤੁਰੰਤ ਪੁਲਿਸ ਕੋਲ ਬਿਆਨ ਦਰਜ ਨਹੀਂ ਕਰਵਾ ਸਕਿਆ। 15 ਅਕਤੂਬਰ ਨੂੰ ਅਸਲਮ ਆਪਣੀ ਪਤਨੀ ਅਤੇ ਰਿਸ਼ਤੇਦਾਰਾਂ ਨਾਲ ਜ਼ੀਰਕਪੁਰ ਥਾਣੇ ਪਹੁੰਚਿਆ ਅਤੇ ਸ਼ਿਕਾਇਤ ਦਿੱਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਹਾਦਸੇ ਦੇ ਕਾਰਨਾਂ ਸਮੇਤ ਸਾਰੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ।