ਵੱਡੀ ਖ਼ਬਰ: ਸ਼ੀਤਲਾ ਮਾਤਾ ਮੰਦਰ ਨੇੜੇ ਭਿਆਨਕ ਹਾਦਸਾ, 13 ਸ਼ਰਧਾਲੂਆਂ ਦੀ ਮੌਤ, 39 ਜ਼ਖ਼ਮੀ
ਗਵਾਲੀਅਰ, ਮੱਧ ਪ੍ਰਦੇਸ਼ 18 ਅਕਤੂਬਰ 2026:
ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਸ਼ੀਤਲਾ ਮਾਤਾ ਮੰਦਰ ਨੇੜੇ ਦੇਰ ਰਾਤ ਕਰੀਬ 1 ਵਜੇ ਭਿਆਨਕ ਸੜਕ ਹਾਦਸਾ ਵਾਪਰਿਆ। ਸ਼ਾਰਦੀ ਨਵਰਾਤਰੀ ਦੀ ਅਸ਼ਟਮੀ ਮੌਕੇ ਮੰਦਰ ਵਿੱਚ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਨੂੰ ਝੋਨੇ ਨਾਲ ਭਰੇ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 13 ਲੋਕਾਂ ਦੀ ਮੌਤ ਹੋ ਗਈ, ਜਦਕਿ 39 ਹੋਰ ਜ਼ਖ਼ਮੀ ਹੋ ਗਏ।
ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਮੰਦਰ ਨੇੜੇ ਡਿਊਟੀ ’ਤੇ ਤਾਇਨਾਤ ਦੋ ਪੁਲਿਸ ਮੁਲਾਜ਼ਮ ਵੀ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਹਨ।
ਜਾਣਕਾਰੀ ਅਨੁਸਾਰ, ਸ਼ਰਧਾਲੂਆਂ ਨੂੰ ਟੱਕਰ ਮਾਰਨ ਤੋਂ ਬਾਅਦ ਟਰੱਕ ਬੇਕਾਬੂ ਹੋ ਗਿਆ ਅਤੇ ਮੰਦਰ ਦੀ ਬਾਹਰੀ ਕੰਧ ਤੇ ਗੇਟ ਨਾਲ ਟਕਰਾਉਣ ਮਗਰੋਂ ਪਲਟ ਗਿਆ।
ਗਵਾਲੀਅਰ ਦੇ ਸੀਨੀਅਰ ਪੁਲਿਸ ਕਪਤਾਨ ਧਰਮਵੀਰ ਸਿੰਘ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗਵਾਲੀਅਰ ਦੀ ਜ਼ਿਲ੍ਹਾ ਮੈਜਿਸਟ੍ਰੇਟ ਰੁਚਿਕਾ ਚੌਹਾਨ ਵੀ ਮੌਕੇ ’ਤੇ ਪਹੁੰਚੀ ਅਤੇ ਖੇਤਰੀ ਟਰਾਂਸਪੋਰਟ ਦਫ਼ਤਰ (RTO) ਨੂੰ ਟਰੱਕ ਦੀ ਜਾਂਚ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।
ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।







