ਪੰਜਾਬ ਪੁਲਿਸ ਦੇ ਗ੍ਰਿਫ਼ਤਾਰ ਮੁਲਾਜ਼ਮ ਕੋਲੋਂ 10 ਕਿਲੋ ਹੋਰ ਹੈਰੋਇਨ ਬਰਾਮਦ, ਕੁੱਲ ਖੇਪ 25 ਕਿਲੋ ਹੋਈ

Top Trending News ਪੰਜਾਬ
  • ਪੰਜਾਬ ਪੁਲਿਸ ਦੇ ਗ੍ਰਿਫ਼ਤਾਰ ਮੁਲਾਜ਼ਮ ਕੋਲੋਂ 10 ਕਿਲੋ ਹੋਰ ਹੈਰੋਇਨ ਬਰਾਮਦ, ਕੁੱਲ ਖੇਪ 25 ਕਿਲੋ ਹੋਈ

ਤਰਨਤਾਰਨ, 18 ਅਕਤੂਬਰ (ਦੇਸ਼ ਕਲਿੱਕ ਬਿਊਰੋ): ਤਰਨਤਾਰਨ ਵਿੱਚ ਨਸ਼ਾ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ ਪੁਲਿਸ ਕਾਂਸਟੇਬਲ ਕੋਲੋਂ ਪੁੱਛਗਿੱਛ ਦੌਰਾਨ 10 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਤੋਂ ਪਹਿਲਾਂ ਮੁਲਜ਼ਮ ਕੋਲੋਂ 15 ਕਿਲੋ ਹੈਰੋਇਨ ਜ਼ਬਤ ਹੋਈ ਸੀ। ਇਸ ਤਰ੍ਹਾਂ ਹੁਣ ਤੱਕ ਕੁੱਲ 25 ਕਿਲੋ ਹੈਰੋਇਨ ਬਰਾਮਦ ਕੀਤੀ ਜਾ ਚੁੱਕੀ ਹੈ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ ਕਰੀਬ 50 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਮੁਲਜ਼ਮ ਦੀ ਪਛਾਣ ਕਰਨਬੀਰ ਸਿੰਘ ਵਜੋਂ ਹੋਈ ਹੈ। ਉਹ ਭਾਰਤ-ਪਾਕਿਸਤਾਨ ਸਰਹੱਦ ’ਤੇ ਡਰੋਨ ਰਾਹੀਂ ਹੋਣ ਵਾਲੀ ਨਸ਼ਾ ਤਸਕਰੀ ਨੂੰ ਰੋਕਣ ਲਈ ਬਣਾਈ ਗਈ ਪੁਲਿਸ ਦੀ ਐਂਟੀ-ਡਰੋਨ ਟੀਮ ਵਿੱਚ ਤਾਇਨਾਤ ਸੀ। ਉਸ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (NCB) ਅਤੇ ਸੀਮਾ ਸੁਰੱਖਿਆ ਬਲ (BSF) ਦੀ ਸਾਂਝੀ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ।

ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਮਿਲੀ ਨਸ਼ੇ ਦੀ ਖੇਪ
ਜਾਣਕਾਰੀ ਅਨੁਸਾਰ, ਗ੍ਰਿਫ਼ਤਾਰੀ ਤੋਂ ਬਾਅਦ ਐਨਸੀਬੀ ਦੀ ਟੀਮ ਵੱਲੋਂ ਕੀਤੀ ਪੁੱਛਗਿੱਛ ਦੌਰਾਨ ਕਰਨਬੀਰ ਸਿੰਘ ਨੇ ਕਥਿਤ ਤੌਰ ’ਤੇ ਨਸ਼ੇ ਦੀ ਇੱਕ ਹੋਰ ਖੇਪ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸ਼ਨੀਵਾਰ ਨੂੰ ਉਸ ਦੀ ਨਿਸ਼ਾਨਦੇਹੀ ’ਤੇ ਪਿੰਡ ਭੁੱਸੇ ਵਿੱਚ ਇੱਕ ਟਾਵਰ ਨੇੜਿਓਂ 10 ਕਿਲੋ ਹੋਰ ਹੈਰੋਇਨ ਬਰਾਮਦ ਕੀਤੀ ਗਈ। ਕਾਰਵਾਈ ਦੌਰਾਨ ਮੁਲਜ਼ਮ ਕੋਲੋਂ ਮੋਬਾਈਲ ਫ਼ੋਨ, ਨਕਦੀ ਅਤੇ ਹਥਿਆਰ ਵੀ ਬਰਾਮਦ ਕੀਤੇ ਜਾਣ ਦੀ ਜਾਣਕਾਰੀ ਹੈ। ਮਾਮਲੇ ਵਿੱਚ ਜਾਂਚ ਜਾਰੀ ਹੈ ਅਤੇ ਅਧਿਕਾਰੀ ਨਸ਼ਾ ਤਸਕਰੀ ਦੇ ਪੂਰੇ ਨੈੱਟਵਰਕ ਅਤੇ ਹੋਰ ਸੰਭਾਵੀ ਸਬੰਧਾਂ ਦੀ ਜਾਂਚ ਕਰ ਰਹੇ ਹਨ।