ਗ੍ਰੇਟਰ ਨੋਇਡਾ ’ਚ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ ਮਾਮਲਾ: ਦੋ ਭੈਣਾਂ ਤੇ ਜੀਜਾ ਗ੍ਰਿਫ਼ਤਾਰ

Top Trending News ਰਾਸ਼ਟਰੀ
  • ਗ੍ਰੇਟਰ ਨੋਇਡਾ ’ਚ ਇੱਕੋ ਪਰਿਵਾਰ ਦੇ 5 ਜੀਆਂ ਦੀ ਮੌਤ ਮਾਮਲਾ: ਦੋ ਭੈਣਾਂ ਤੇ ਜੀਜਾ ਗ੍ਰਿਫ਼ਤਾਰ
  • ਮ੍ਰਿਤਕ ਮਹੇਸ਼ ਦੀ ਆਡੀਓ ਰਿਕਾਰਡਿੰਗ ਮਿਲੀ, ਤਿੰਨਾਂ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ; ਜਾਇਦਾਦ ਵਿਵਾਦ ਦੀ ਵੀ ਜਾਂਚ

ਗ੍ਰੇਟਰ ਨੋਇਡਾ:: 18 ਅਕਤੂਬਰ (ਦੇਸ਼ ਕਲਿੱਕ ਬਿਊਰੋ): ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਮਹੇਸ਼ ਦੀਆਂ ਦੋ ਭੈਣਾਂ ਅਤੇ ਜੀਜਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਤਿੰਨਾਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਮਹੇਸ਼ ਦੇ ਮੋਬਾਈਲ ਫ਼ੋਨ ਵਿੱਚੋਂ ਇੱਕ ਆਡੀਓ ਰਿਕਾਰਡਿੰਗ ਵੀ ਮਿਲੀ ਹੈ, ਜਿਸ ਵਿੱਚ ਉਹ ਆਪਣੀ ਵੱਡੀ ਭੈਣ ਸੁਨੀਤਾ, ਛੋਟੀ ਭੈਣ ਸਪਨਾ ਅਤੇ ਜੀਜਾ ਸ਼ੇਖਰ ਨੂੰ ਘਟਨਾ ਲਈ ਜ਼ਿੰਮੇਵਾਰ ਠਹਿਰਾਉਂਦਾ ਸੁਣਾਈ ਦਿੰਦਾ ਹੈ।

ਮ੍ਰਿਤਕਾਂ ਦਾ ਸ਼ਨੀਵਾਰ ਰਾਤ ਕਰੀਬ 12 ਵਜੇ ਨਗਲਾ ਸ਼੍ਰੀਪਦਮ ਪਿੰਡ ਵਿੱਚ ਇੱਕੋ ਸਮੇਂ ਸਸਕਾਰ ਕਰ ਦਿੱਤਾ ਗਿਆ। ਮਹੇਸ਼ ਦੇ ਭਤੀਜੇ ਤੁਸ਼ਾਰ ਨੇ ਪੰਜਾਂ ਨੂੰ ਮੁੱਖ ਅਗਨੀ ਦਿੱਤੀ। ਇੱਕੋ ਪਰਿਵਾਰ ਦੀਆਂ ਪੰਜ ਅਰਥੀਆਂ ਇਕੱਠੀਆਂ ਉੱਠਣ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਰਹੀ। ਅੰਤਿਮ ਸਸਕਾਰ ਵਿੱਚ 400 ਤੋਂ 500 ਲੋਕ ਸ਼ਾਮਲ ਹੋਏ। ਇਸ ਦੌਰਾਨ ਪੰਜ ਥਾਣਿਆਂ ਦੇ 100 ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ ਰਹੇ।

ਮਾਪਿਆਂ ਨੇ ਧੀਆਂ ਦੇ ਨਾਂ ਕਰ ਦਿੱਤੀ ਸੀ ਜਾਇਦਾਦ
ਮਹੇਸ਼ (37) ਆਪਣੀ ਪਤਨੀ ਲਲਿਤਾ (35), ਪੁੱਤਰ ਲੱਡੂ (11), ਸਾਕਸ਼ਤ (3) ਅਤੇ ਧੀ ਮਿਸ਼ਟੀ (7) ਨਾਲ ਨਗਲਾ ਸ਼੍ਰੀਪਦਮ ਪਿੰਡ ਵਿੱਚ ਰਹਿੰਦਾ ਸੀ। ਮਹੇਸ਼ ਦੇ ਪਿਤਾ ਕਿਸ਼ਨਲਾਲ ਰੇਲਵੇ ਵਿਭਾਗ ਵਿੱਚ ਨੌਕਰੀ ਕਰਦੇ ਸਨ। ਕਰੀਬ 20 ਸਾਲ ਪਹਿਲਾਂ ਉਹ ਆਪਣੀ ਪਤਨੀ ਚੰਦਰਾਵਤੀ ਨਾਲ ਦਿੱਲੀ ਦੇ ਖੇੜਾਕਲਾ ਪਿੰਡ ਤੋਂ ਇੱਥੇ ਆ ਕੇ ਰਹਿਣ ਲੱਗੇ ਸਨ।

ਜਾਣਕਾਰੀ ਮੁਤਾਬਕ, ਕਿਸ਼ਨਲਾਲ ਨੇ 2000 ਤੋਂ 2005 ਦਰਮਿਆਨ ਆਪਣੀ ਪਤਨੀ ਚੰਦਰਾਵਤੀ ਦੇ ਨਾਂ ’ਤੇ ਕਰੀਬ 10 ਵਿੱਘੇ ਜ਼ਮੀਨ ਖਰੀਦੀ ਸੀ। ਸਾਲ 2009 ਵਿੱਚ ਯਮੁਨਾ ਅਥਾਰਟੀ ਵੱਲੋਂ ਇਸ ਜ਼ਮੀਨ ਦੇ ਬਦਲੇ ਕਰੀਬ 1.25 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਗਿਆ। ਪਿੰਡ ਵਾਸੀਆਂ ਦਾ ਦਾਅਵਾ ਹੈ ਕਿ ਕਿਸ਼ਨਲਾਲ ਨੇ ਇਹ ਰਕਮ ਆਪਣੀਆਂ ਤਿੰਨੋਂ ਧੀਆਂ ਵਿੱਚ ਵੰਡ ਦਿੱਤੀ ਸੀ।

ਪਿਤਾ ਦੀ ਮੌਤ ਮਗਰੋਂ ਜੱਦੀ ਘਰ ਵੀ ਧੀਆਂ ਦੇ ਨਾਂ ਕੀਤਾ
ਸਾਲ 2023 ਵਿੱਚ ਕਿਸ਼ਨਲਾਲ ਦੀ ਮੌਤ ਤੋਂ ਬਾਅਦ ਚੰਦਰਾਵਤੀ ਨੇ ਦਿੱਲੀ ਸਥਿਤ ਜੱਦੀ ਮਕਾਨ ਵੀ ਆਪਣੀਆਂ ਧੀਆਂ ਦੇ ਨਾਂ ਕਰ ਦਿੱਤਾ ਸੀ। ਇਸ ਤੋਂ ਇਲਾਵਾ, ਨਗਲਾ ਸ਼੍ਰੀਪਦਮ ਪਿੰਡ ਵਿੱਚ ਸਥਿਤ 167 ਵਰਗ ਮੀਟਰ ਦਾ ਮਕਾਨ ਵੀ 18 ਅਗਸਤ 2025 ਨੂੰ ਇੱਕ ਧੀ ਨੂੰ ਵੇਚ ਦਿੱਤਾ ਗਿਆ। ਮਹੇਸ਼ ਆਪਣੇ ਪਰਿਵਾਰ ਸਮੇਤ ਇਸੇ ਮਕਾਨ ਵਿੱਚ ਰਹਿੰਦਾ ਸੀ।

ਰਿਪੋਰਟ ਮੁਤਾਬਕ, ਜਦੋਂ ਮਹੇਸ਼ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਦਾ ਆਪਣੀ ਮਾਂ ਨਾਲ ਝਗੜਾ ਹੋਣ ਲੱਗ ਪਿਆ। ਹਾਲਾਂਕਿ, ਜਾਇਦਾਦ ਦੀ ਅਸਲ ਵੰਡ ਕਿਵੇਂ ਹੋਈ, ਮਕਾਨ ਕਿਸ ਆਧਾਰ ’ਤੇ ਵੇਚਿਆ ਗਿਆ ਅਤੇ ਕੀ ਕਿਸ਼ਨਲਾਲ ਨੇ ਮੌਤ ਤੋਂ ਪਹਿਲਾਂ ਕੋਈ ਵਸੀਅਤ ਕੀਤੀ ਸੀ, ਇਸ ਦੀ ਹਾਲੇ ਪੁਸ਼ਟੀ ਨਹੀਂ ਹੋਈ ਹੈ।

ਸਾਲੇ ਦੀ ਸ਼ਿਕਾਇਤ ’ਤੇ ਮਾਮਲਾ ਦਰਜ

ਮ੍ਰਿਤਕ ਲਲਿਤਾ ਦੇ ਭਰਾ ਆਕਾਸ਼ ਦੀ ਸ਼ਿਕਾਇਤ ’ਤੇ ਰਬੂਪੁਰਾ ਥਾਣੇ ਵਿੱਚ ਮਹੇਸ਼ ਦੀਆਂ ਭੈਣਾਂ ਸੁਨੀਤਾ (45), ਸਪਨਾ (32) ਅਤੇ ਜੀਜਾ ਸ਼ੇਖਰ (50) ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਥਾਣਾ ਮੁਖੀ ਸ਼ਿਆਮ ਬਾਬੂ ਸ਼ੁਕਲਾ ਮੁਤਾਬਕ, ਤਿੰਨਾਂ ਨੂੰ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਮਹੇਸ਼ ਦੇ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਜਾਂਚੀ ਹੈ। ਪੁਲਿਸ ਮੁਤਾਬਕ, ਫੁਟੇਜ ਵਿੱਚ ਕੋਈ ਬਾਹਰੀ ਵਿਅਕਤੀ ਘਰ ਅੰਦਰ ਜਾਂਦਾ ਦਿਖਾਈ ਨਹੀਂ ਦਿੱਤਾ। ਪੰਜਾਂ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਇਸ ਦੀ ਵੀਡੀਓਗ੍ਰਾਫ਼ੀ ਵੀ ਕੀਤੀ ਗਈ। ਡਾਕਟਰਾਂ ਨੇ ਜਾਂਚ ਲਈ ਵਿਸਰਾ ਸੁਰੱਖਿਅਤ ਰੱਖਿਆ ਹੈ।

ਮੇਲੇ ਤੋਂ ਪਰਤ ਕੇ ਖਾਧੇ ਸਨ ਨੂਡਲਜ਼

ਜਾਣਕਾਰੀ ਅਨੁਸਾਰ, 16 ਅਕਤੂਬਰ ਦੀ ਰਾਤ ਮਹੇਸ਼ ਆਪਣੀ ਪਤਨੀ ਅਤੇ ਬੱਚਿਆਂ ਨਾਲ ਰਬੂਪੁਰਾ ਅਨਾਜ ਮੰਡੀ ਵਿੱਚ ਲੱਗੇ ਰਾਮਲੀਲਾ ਅਤੇ ਕਾਲੀ ਮੇਲੇ ਵਿੱਚ ਗਿਆ ਸੀ। ਪਰਿਵਾਰ ਰਾਤ ਕਰੀਬ 10 ਤੋਂ 10:30 ਵਜੇ ਘਰ ਪਰਤਿਆ। ਇਸ ਤੋਂ ਬਾਅਦ ਸਾਰਿਆਂ ਨੇ ਨੂਡਲਜ਼ ਖਾਧੇ ਅਤੇ ਸੌਂ ਗਏ।

ਅਗਲੀ ਸਵੇਰ ਕਰੀਬ 8 ਵਜੇ ਮਹੇਸ਼ ਦੇ ਵੱਡੇ ਪੁੱਤਰ ਲੱਡੂ ਦਾ ਦੋਸਤ ਉਸ ਨੂੰ ਸਕੂਲ ਜਾਣ ਲਈ ਬੁਲਾਉਣ ਵਾਸਤੇ ਘਰ ਪਹੁੰਚਿਆ। ਕਾਫ਼ੀ ਦੇਰ ਤੱਕ ਦਰਵਾਜ਼ਾ ਖੜਕਾਉਣ ਦੇ ਬਾਵਜੂਦ ਕੋਈ ਜਵਾਬ ਨਾ ਮਿਲਣ ’ਤੇ ਉਸ ਨੇ ਖਿੜਕੀ ਵਿੱਚੋਂ ਦੇਖਿਆ ਤਾਂ ਪਰਿਵਾਰ ਦੇ ਪੰਜੇ ਜੀਅ ਬਿਸਤਰਿਆਂ ’ਤੇ ਪਏ ਸਨ। ਇੱਕ ਬੱਚੇ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ।

ਪੁਲਿਸ ਜਦੋਂ ਘਰ ਪਹੁੰਚੀ ਤਾਂ ਮਹੇਸ਼ ਆਪਣੇ ਪੁੱਤਰ ਨਾਲ ਲਿਪਟਿਆ ਹੋਇਆ ਬਿਸਤਰੇ ’ਤੇ ਮ੍ਰਿਤਕ ਮਿਲਿਆ। ਦੂਜੇ ਬਿਸਤਰੇ ’ਤੇ ਲਲਿਤਾ ਆਪਣੇ ਛੋਟੇ ਪੁੱਤਰ ਅਤੇ ਧੀ ਨਾਲ ਲਿਪਟੀ ਹੋਈ ਪਈ ਸੀ।

ਪੁਲਿਸ ਮੌਤਾਂ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਜਾਇਦਾਦ ਵਿਵਾਦ, ਆਡੀਓ ਰਿਕਾਰਡਿੰਗ ਅਤੇ ਵਿਸਰਾ ਜਾਂਚ ਨਾਲ ਜੁੜੇ ਤੱਥਾਂ ਦੇ ਆਧਾਰ ’ਤੇ ਮਾਮਲੇ ਦੀ ਅਗਲੀ ਤਸਵੀਰ ਸਪੱਸ਼ਟ ਹੋਵੇਗੀ।