- ਝੋਟਾ ਕਤਲ ਕਾਂਡ: ਪੰਜਾਬ ਸਰਕਾਰ ਦੀ ਇਨਸਾਫ ਕਮੇਟੀ ਨਾਲ ਮੀਟਿੰਗ ਰਹੀ ਬੇਨਤੀਜਾ
ਮਾਨਸਾ: 19 ਅਕਤੂਬਰ (ਦੇਸ਼ ਕਲਿੱਕ ਬਿਊਰੋ): ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਵਿੱਚ ਪਰਿਵਾਰ ਦੀਆਂ ਮੰਗਾਂ ਸੁਣਨ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਤਿੰਨ ਮਹਿਲਾ IAS ਅਧਿਕਾਰੀਆਂ ਦੀ ਕਮੇਟੀ ਦੀ ਪਹਿਲੀ ਮੀਟਿੰਗ ਬੇਨਤੀਜਾ ਰਹੀ। ਸੋਮਵਾਰ ਨੂੰ ਤਿੰਨੇ ਅਧਿਕਾਰੀ ਝੋਟਾ ਦੇ ਪਿਤਾ ਭੀਮ ਸਿੰਘ ਅਤੇ ਪਤਨੀ ਮਨਪ੍ਰੀਤ ਕੌਰ ਨਾਲ ਮੁਲਾਕਾਤ ਕਰਨ ਪਹੁੰਚੀਆਂ। ਇਸ ਮੌਕੇ ਪਰਿਵਾਰ ਵੱਲੋਂ ਬਣਾਈ ਗਈ ਐਕਸ਼ਨ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ।
ਮੀਟਿੰਗ ਤੋਂ ਬਾਅਦ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਭਰੋਸਿਆਂ ’ਤੇ ਸਹਿਮਤੀ ਨਹੀਂ ਬਣ ਸਕੀ। ਪਰਿਵਾਰ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਧਰਨਾ ਵੀ ਜਾਰੀ ਰਹੇਗਾ।
ਸਰਕਾਰ ਨੂੰ ਸੌਂਪਿਆ ਮੰਗ ਪੱਤਰ
ਐਕਸ਼ਨ ਕਮੇਟੀ ਨੇ ਦੱਸਿਆ ਕਿ ਸਰਕਾਰ ਦੀ ਕਮੇਟੀ ਨੂੰ ਮੰਗ ਪੱਤਰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਧਰਨਾ ਖ਼ਤਮ ਕਰਨ ਬਾਰੇ ਫ਼ੈਸਲਾ ਲਿਆ ਜਾਵੇਗਾ।
ਅਮਿਤ ਸ਼ਾਹ ਤੋਂ CBI ਜਾਂਚ ਦੇ ਐਲਾਨ ਦੀ ਮੰਗ
ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਲਕੇ ਪਰਿਵਾਰ ਨਾਲ ਮੁਲਾਕਾਤ ਕਰਨ ਆ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਅਮਿਤ ਸ਼ਾਹ ਪਰਿਵਾਰ ਨੂੰ ਮਿਲਣ ਸਮੇਂ ਇਸ ਮਾਮਲੇ ਦੀ CBI ਜਾਂਚ ਕਰਵਾਉਣ ਦਾ ਐਲਾਨ ਕਰਕੇ ਜਾਣ। ਪਰਿਵਾਰ ਅਤੇ ਐਕਸ਼ਨ ਕਮੇਟੀ ਨੇ ਸਪੱਸ਼ਟ ਕੀਤਾ ਕਿ ਇਨਸਾਫ਼ ਮਿਲਣ ਅਤੇ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।







