ਜੱਗੂ ਭਗਵਾਨਪੁਰੀਆ ਦੀ ਪਤਨੀ ਅਮਨਦੀਪ ਕੌਰ ਡੇਰਾ ਬਾਬਾ ਨਾਨਕ ਤੋਂ ਲੜੇਗੀ ਚੋਣ

Top Trending News ਪੰਜਾਬ
  • ਜੱਗੂ ਭਗਵਾਨਪੁਰੀਆ ਦੀ ਪਤਨੀ ਅਮਨਦੀਪ ਕੌਰ ਡੇਰਾ ਬਾਬਾ ਨਾਨਕ ਤੋਂ ਲੜੇਗੀ ਚੋਣ
  • ਅਮਰੀਕਾ ਤੋਂ ਪਰਤੀ ਅਮਨਦੀਪ ਨੇ ਕੀਤਾ ਐਲਾਨ

ਗੁਰਦਾਸਪੁਰ: 19 ਅਕਤੂਬਰ (ਦੇਸ਼ ਕਲਿੱਕ ਬਿਊਰੋ): ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਦੀ ਪਤਨੀ ਅਮਨਦੀਪ ਕੌਰ ਪੰਜਾਬ ਦੇ ਸਰਹੱਦੀ ਹਲਕੇ ਡੇਰਾ ਬਾਬਾ ਨਾਨਕ ਤੋਂ ਵਿਧਾਨ ਸਭਾ ਚੋਣ ਲੜੇਗੀ। ਅਮਰੀਕਾ ਤੋਂ ਤਿੰਨ ਦਿਨ ਪਹਿਲਾਂ ਪਰਤੀ ਅਮਨਦੀਪ ਨੇ 18 ਅਕਤੂਬਰ ਨੂੰ ਹਲਕੇ ਦੇ ਪਿੰਡ ਸਰਫਕੋਟ ਵਿੱਚ ਚੋਣ ਮੈਦਾਨ ਵਿੱਚ ਉਤਰਨ ਦਾ ਐਲਾਨ ਕੀਤਾ। ਹਾਲਾਂਕਿ, ਉਨ੍ਹਾਂ ਨੇ ਅਜੇ ਤੱਕ ਕਿਸੇ ਵੀ ਸਿਆਸੀ ਪਾਰਟੀ ਦਾ ਨਾਂ ਨਹੀਂ ਦੱਸਿਆ।

ਅਮਨਦੀਪ ਕੌਰ ਨੇ ਕਿਹਾ ਕਿ ਉਹ ਡੇਰਾ ਬਾਬਾ ਨਾਨਕ ਦੀ ਧੀ ਵੀ ਹੈ ਅਤੇ ਨੂੰਹ ਵੀ। ਇਸ ਲਈ ਆਪਣੇ ਹਲਕੇ ਅਤੇ ਘਰ ਦੀ ਸੇਵਾ ਕਰਨਾ ਉਨ੍ਹਾਂ ਦਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਪੱਕੇ ਤੌਰ ’ਤੇ ਇੱਥੇ ਰਹਿ ਕੇ ਲੋਕਾਂ ਵਿਚਕਾਰ ਕੰਮ ਕਰਨਗੇ।

ਅਮਰੀਕਾ ਦੀ ਪੜ੍ਹਾਈ ਛੱਡ ਕੇ ਪਰਤੀ
ਅਮਨਦੀਪ ਕੌਰ ਅਮਰੀਕਾ ਵਿੱਚ ਡੈਂਟਿਸਟ ਦੀ ਪੜ੍ਹਾਈ ਕਰ ਰਹੀ ਸੀ ਅਤੇ ਉੱਥੋਂ ਦੀ ਜ਼ਿੰਦਗੀ ਛੱਡ ਕੇ ਪੰਜਾਬ ਪਰਤੀ ਹੈ। ਉਨ੍ਹਾਂ ਦੇ ਚੋਣ ਲੜਨ ਦੇ ਐਲਾਨ ਨਾਲ ਡੇਰਾ ਬਾਬਾ ਨਾਨਕ ਹਲਕੇ ਦੀ ਸਿਆਸਤ ਵਿੱਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਹਾਲਾਂਕਿ, ਉਨ੍ਹਾਂ ਦੀ ਸਿਆਸੀ ਪਾਰਟੀ ਅਤੇ ਚੋਣ ਰਣਨੀਤੀ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ।

ਪਤੀ ਨੂੰ ਗੈਂਗਸਟਰ ਕਹਿਣ ’ਤੇ ਜਤਾਇਆ ਇਤਰਾਜ਼
ਪਤੀ ਜੱਗੂ ਭਗਵਾਨਪੁਰੀਆ ’ਤੇ ਲੱਗੇ ਗੈਂਗਸਟਰ ਦੇ ਠੱਪੇ ਬਾਰੇ ਗੱਲ ਕਰਦਿਆਂ ਅਮਨਦੀਪ ਕੌਰ ਭਾਵੁਕ ਹੋ ਗਈ। ਉਨ੍ਹਾਂ ਕਿਹਾ, “ਉਹ ਜੱਗੂ ਨਹੀਂ, ਜਗਦੀਪ ਸਿੰਘ ਅਠਵਾਲ ਹਨ। ਕੋਈ ਵੀ ਮਾਂ ਦੇ ਪੇਟੋਂ ਗੈਂਗਸਟਰ ਬਣ ਕੇ ਪੈਦਾ ਨਹੀਂ ਹੁੰਦਾ।” ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਨੂੰ ਇੱਕ ਆਮ ਇਨਸਾਨ ਵਜੋਂ ਦੇਖਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ’ਤੇ ਲੱਗਾ ਗੈਂਗਸਟਰ ਦਾ ਟੈਗ ਖ਼ਤਮ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਜੱਗੂ ਭਗਵਾਨਪੁਰੀਆ ਇਸ ਸਮੇਂ ਅਸਾਮ ਦੀ ਸਿਲਚਰ ਸੈਂਟਰਲ ਜੇਲ੍ਹ ਵਿੱਚ ਬੰਦ ਹੈ।