ਲਹਿਰਾਗਾਗਾ ’ਚ ਦੁਸਹਿਰੇ ਵਾਲੇ ਦਿਨ ਦਰਦਨਾਕ ਹਾਦਸਾ: ਬਿਜਲੀ ਦਾ ਕਰੰਟ ਲੱਗਣ ਨਾਲ 15 ਸਾਲਾ ਲੜਕੇ ਦੀ ਮੌਤ, ਮਾਂ ਜ਼ਖ਼ਮੀ
ਲਹਿਰਾਗਾਗਾ (ਸੰਗਰੂਰ), 20 ਅਕਤੂਬਰ 2026- ਲਹਿਰਾਗਾਗਾ ਦੇ ਵਾਰਡ ਨੰਬਰ 14 ਵਿੱਚ ਦੁਸਹਿਰੇ ਵਾਲੇ ਦਿਨ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਘਰ ਦੀ ਛੱਤ ’ਤੇ ਕੰਮ ਕਰ ਰਹੇ 15 ਸਾਲਾ ਲੜਕੇ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ, ਜਦਕਿ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਉਸ ਦੀ ਮਾਂ ਵੀ ਕਰੰਟ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਗਈ। ਇਸ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਅੰਡਰਬ੍ਰਿਜ ਨੇੜੇ ਸਥਿਤ ਬਸਤੀ ਵਿੱਚ ਰਹਿਣ ਵਾਲਾ ਗੋਬਿੰਦ (15), ਪੁੱਤਰ ਸੋਨੂੰ ਰਾਮ, ਆਪਣੇ ਘਰ ਦੀ ਛੱਤ ’ਤੇ ਕਿਸੇ ਕੰਮ ਵਿੱਚ ਰੁੱਝਿਆ ਹੋਇਆ ਸੀ। ਇਸ ਦੌਰਾਨ ਘਰ ਦੇ ਨੇੜਿਓਂ ਲੰਘ ਰਹੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਉਸ ਨੂੰ ਜ਼ੋਰਦਾਰ ਕਰੰਟ ਲੱਗਿਆ। ਹਾਦਸਾ ਇੰਨਾ ਗੰਭੀਰ ਸੀ ਕਿ ਗੋਬਿੰਦ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਆਪਣੇ ਪੁੱਤਰ ਨੂੰ ਬਚਾਉਣ ਲਈ ਅੱਗੇ ਆਈ ਉਸ ਦੀ ਮਾਂ ਪਾਲੋ ਵੀ ਬਿਜਲੀ ਦੇ ਕਰੰਟ ਦੀ ਲਪੇਟ ਵਿੱਚ ਆ ਗਈ ਅਤੇ ਜ਼ਖ਼ਮੀ ਹੋ ਗਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਹਿਰਾਗਾਗਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲੜਕੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ।
ਇਸ ਦੁਖਦਾਈ ਘਟਨਾ ਦੀ ਜਾਣਕਾਰੀ ਮਿਲਣ ’ਤੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਪੁੱਤਰ ਗੌਰਵ ਗੋਇਲ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਦੁੱਖ ਸਾਂਝਾ ਕੀਤਾ। ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਗੁਰੀ ਚਹਿਲ ਨੇ ਵੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।







