ਮੁਲਾਜ਼ਮਾਂ ਵੱਲੋਂ ਡੀ.ਸੀ. ਦਫ਼ਤਰ ਦੇ ਬਾਹਰ ਗੇਟ ਰੈਲੀ: ਸਾਂਝਾ ਮੁਲਾਜ਼ਮ ਮੰਚ ਵੱਲੋਂ 2 ਦਿਨਾਂ ਸਮੂਹਿਕ ਲੈ ਕੇ ਦਫ਼ਤਰੀ ਕੰਮ ਕਾਜ ਠੱਪ

Top Trending News ਪੰਜਾਬ
  • ਮੁਲਾਜ਼ਮਾਂ ਵੱਲੋਂ ਡੀ.ਸੀ. ਦਫ਼ਤਰ ਦੇ ਬਾਹਰ ਗੇਟ ਰੈਲੀ: ਸਾਂਝਾ ਮੁਲਾਜ਼ਮ ਮੰਚ ਵੱਲੋਂ 2 ਦਿਨਾਂ ਸਮੂਹਿਕ ਲੈ ਕੇ ਦਫ਼ਤਰੀ ਕੰਮ ਕਾਜ ਠੱਪ
  • ਸੂਬਾ ਬਾਡੀ ਦੇ ਫੈਸਲੇ ਅਨੁਸਾਰ ਸਰਕਾਰੀ ਮੁਲਾਜ਼ਮ 2 ਦਿਨਾਂ ਸਮੂਹਿਕ ਛੁੱਟੀ ਤੇ

ਸ਼੍ਰੀ ਮੁਕਤਸਰ ਸਾਹਿਬ, 21 ਅਕਤੂਬਰ (ਦੇਸ਼ ਕਲਿੱਕ ਬਿਊਰੋ) – ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨਾਲ ਅਪਣਾਈ ਜਾ ਰਹੀ ਵਾਅਦਾ ਖਿਲਾਫ਼ੀ ਨੀਤੀ ਤੋਂ ਸਤਾਏ ਦਰਜਨਾਂ ਵੱਖ-ਵੱਖ ਮੁਲਾਜ਼ਮ, ਪੈਨਸ਼ਨਰਜ਼ ਜਥੇਬੰਦੀਆਂ ਵੱਲੋਂ ਸਾਂਝਾ ਮੁਲਾਜ਼ਮ ਮੰਚ ਅਤੇ ਸਾਂਝੀ ਐਕਸ਼ਨ ਤਾਲਮੇਲ ਕਮੇਟੀ ਦੇ ਝੰਡੇ ਹੇਠ 2 ਦਿਨਾਂ ਦੀ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਨੂੰ ਹੋ ਤਿੱਖਾ ਕਰ ਦਿੱਤਾ ਗਿਆ ਹੈ, ਜਿਸਦੇ ਚਲਦਿਆਂ ਅੱਜ ਸੈਂਕੜੇ ਮੁਲਾਜ਼ਮਾਂ ਵੱਲੋਂ ਡੀ.ਸੀ. ਦਫ਼ਤਰ ਦੇ ਬਾਹਰ ਧਰਨਾ ਦੇ ਪ੍ਰਦਰਸ਼ਨ ਕਰਦਿਆਂ ਸਰਕਾਰ ਦੀਆਂ ਨੀਤੀਆਂ ਨੂੰ ਰੱਜ ਕੇ ਭੰਡਿਆ ਗਿਆ।

ਇਸ ਮੌਕੇ ਕਰਮਚਾਰੀਆਂ ਅਤੇ ਪੈਨਸ਼ਨਰਜ਼ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਪੀ.ਐਸ.ਐਮ.ਐਸ.ਯੂ. ਦੇ ਜਿਲ੍ਹਾ ਪ੍ਰਧਾਨ ਖੁਸ਼ਕਰਨਜੀਤ ਸਿੰਘ, ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਅਤੇ ਹੋਰ ਬੁਲਾਰਿਆ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਸਾਢੇ 4 ਸਾਲ ਦੇ ਕਾਰਜਕਾਲ ਦੌਰਾਨ ਮੁਲਾਜ਼ਮਾਂ ਦੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ, ਸਗੋਂ ਮੰਗਾਂ ਪੂਰੀਆਂ ਕਰਨ ਦੇ ਨਾਮ ਤੇ ਕਮੇਟੀਆਂ ਬਣਾ ਕੇ ਕੇਵਲ ਸਮਾਂ ਲੰਘਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੱਤਾ ਵਿੱਚ ਆਉਣ ਤੋਂ ਪਹਿਲਾਂ ਖੁਦ ਇਹ ਕਹਿੰਦੇ ਸੀ ਕਿ ਜੇਕਰ ਕਿਸੇ ਮਸਲੇ ਨੂੰ ਲਮਕਾਉਣਾ ਹੈ ਤਾਂ ਉਸ ਲਈ ਕੋਈ ਕਮੇਟੀ ਜਾਂ ਸਿੱਟ ਗਠਿਤ ਕਰ ਦਿਓ, ਫਿਰ ਉਹ ਮਸਲਾ ਲੰਮਾ ਸਮਾ ਲਟਕਦਾ ਰਹੇਗਾ, ਪ੍ਰੰਤੂ ਸਰਕਾਰ ਬਣਨ ਉਪਰੰਤ ਖੁਦ ਅਜਿਹੀਆਂ ਮੁਲਾਜ਼ਮ ਮਾਰੂ ਨੀਤੀਆਂ ਦੀਆਂ ਹੀ ਪੈੜਾਂ ਵਿੱਚ ਚੱਲਿਆ ਜਾ ਰਿਹਾ ਹੈ। ਆਗੂਆਂ ਨੇ ਦੱਸਿਆ ਕਿ ਇਹ ਮਹਾਂ ਹੜਤਾਲ ਪੰਜਾਬ ਦੇ ਸਮੂੱਚੇ ਦਫ਼ਤਰਾਂ ਤੋਂ ਲੈ ਕੇ ਸਕੱਤਰੇਤ ਅਤੇ ਡਾਇਰੈਕਟੋਰੇਟਾਂ ਤੱਕ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਪੂਰਾ ਜ਼ੋਰ ਮੁਲਾਜ਼ਮ ਸੰਘਰਸ਼ਾਂ ਨੂੰ ਫੇਲ ਕਰਨ ਤੇ ਲੱਗਾ ਹੋਇਆ ਹੈ ਪ੍ਰੰਤੂ ਦਿਨ ਪ੍ਰਤੀਦਿਨ ਮੁਲਾਜ਼ਮ ਲਾਮਬੰਦ ਹੁੰਦੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਟੇਜ਼ਾਂ ਤੇ ਅਕਸਰ ਹੀ ਕਿਹਾ ਜਾਂਦਾ ਹੈ ਕਿ ਉਹ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਹਮੇਸ਼ਾ ਤਿਆਰ ਹਨ ਪ੍ਰੰਤੂ ਪਿਛਲੇ ਸਾਢੇ 4 ਸਾਲ ਦੌਰਾਨ 16-17 ਵਾਰ ਮੀਟਿੰਗਾਂ ਰੱਖ ਕੇ ਮੁਲਵਤੀ ਕੀਤੀਆਂ ਗਈਆਂ ਹਨ, ਜਿਸ ਕਾਰਨ ਇਹ ਸਰਕਾਰ ਆਪਣਾ ਵਿਸ਼ਵਾਸ ਕਰਮਚਾਰੀਆਂ ਤੋਂ ਗਵਾ ਚੁੱਕੀ ਹੈ। ਆਗੂਆਂ ਨੇ ਕਿਹਾ ਕਿ ਸਾਂਝੇ ਮੁਲਾਜ਼ਮ ਮੰਚ ਵੱਲੋਂ ਅਗਲੇ ਸੰਘਰਸ਼ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ ਜਿਸਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗਾ।

ਇਸ ਰੋਸ ਪ੍ਰਦਰਸ਼ਨ ਦੌਰਾਨ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ, ਡੀ.ਐਮ.ਐਫ. ਦੇ ਆਗੂ ਪਵਨ ਕੁਮਾਰ, ਡੀ.ਟੀ.ਐਫ. ਦੇ ਆਗੂ ਲਖਵੀਰ ਸਿੰਘ ਹਰੀਕੇ, ਪਰਮਿੰਦਰ ਸਿੰਘ, ਜੀ.ਟੀ.ਯੂ. ਦੇ ਮਨੋਹਰ ਲਾਲ ਸ਼ਰਮਾ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੇ ਬਲਦੇਵ ਸਿੰਘ, ਜੀ.ਟੀ.ਯੂ. ਵਿਗਿਆਨਕ ਦੇ ਪ੍ਰਗਟ ਜੰਬਰ, ਮਾਸਟਰ ਕਾਰਡ ਯੂਨੀਅਨ, ਬੀ.ਐੱਡ ਅਧਿਆਪਕ ਫਰੰਟ, 6635 ਈ.ਟੀ.ਟੀ. ਯੂਨੀਅਨ, ਕੰਪਿਊਟਰ ਅਧਿਆਪਕ ਯੂਨੀਅਨ, ਲੈਬਾਰਟਰੀ ਸਟਾਫ ਯੂਨੀਅਨ, ਸਪੈਸ਼ਲ ਕਾਡਰ ਅਧਿਆਪਕ ਫਰੰਟ, ਜਲ ਸਪਲਾਈ ਤੇ ਸੈਨੀਟੇਸ਼ਨ ਯੂਨੀਅਨ ਦੇ ਦਰਸ਼ਨ ਸਿੰਘ ਕਪੂਰ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਕਰਮਜੀਤ ਸਿੰਘ ਸ਼ਰਮਾ, ਪੰਜਾਬ ਰੋਡਵੇਜ਼ ਯੂਨੀਅਨ ਦੇ ਮੇਜਰ ਸਿੰਘ, ਸੀ.ਪੀ.ਐਫ. ਯੂਨੀਅਨ ਦੇ ਜਿਲ੍ਹਾ ਪ੍ਰਧਾਨ ਦੀਪਕ ਕੁਮਾਰ, ਪੀ.ਐਸ.ਯੂ. ਤੋਂ ਸੁਖਪ੍ਰੀਤ ਕੌਰ ਅਤੇ ਮਿੱਡ ਡੇ ਮੀਲ ਵਰਕਰ ਯੂਨੀਅਨ ਤੋਂ ਰਮਨਦੀਪ ਕੌਰ ਆਦਿ ਆਗੂਆਂ ਨੇ ਸੰਬੋਧਨ ਕੀਤਾ।