- ਪੰਜਾਬ-ਚੰਡੀਗੜ੍ਹ ’ਚ ਸਵੇਰੇ-ਸ਼ਾਮ ਵਧੀ ਠੰਢ, ਦਿਨ ਵੇਲੇ ਗਰਮੀ ਬਰਕਰਾਰ
- 24 ਤੇ 25 ਅਕਤੂਬਰ ਨੂੰ ਕਿਤੇ-ਕਿਤੇ ਹਲਕੀ ਬਾਰਿਸ਼ ਦੀ ਸੰਭਾਵਨਾ
ਚੰਡੀਗੜ੍ਹ, 21 ਅਕਤੂਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਅਤੇ ਚੰਡੀਗੜ੍ਹ ਵਿੱਚ ਸਵੇਰੇ ਅਤੇ ਸ਼ਾਮ ਦੇ ਸਮੇਂ ਠੰਢ ਮਹਿਸੂਸ ਹੋਣ ਲੱਗੀ ਹੈ, ਜਦਕਿ ਦਿਨ ਵੇਲੇ ਗਰਮੀ ਅਜੇ ਵੀ ਬਰਕਰਾਰ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਮੁਤਾਬਕ ਅੱਜ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, 24 ਅਤੇ 25 ਅਕਤੂਬਰ ਨੂੰ ਕੁਝ ਥਾਵਾਂ ’ਤੇ ਛਿੱਟ-ਪੁੱਟ ਬਾਰਿਸ਼ ਹੋ ਸਕਦੀ ਹੈ। ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਸੈਲਸੀਅਸ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਇਸ ਦੇ ਬਾਵਜੂਦ ਤਾਪਮਾਨ ਆਮ ਦੇ ਨੇੜੇ ਬਣਿਆ ਹੋਇਆ ਹੈ। ਸੂਬੇ ਵਿੱਚ ਬਠਿੰਡਾ 33.5 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ।
27 ਅਕਤੂਬਰ ਨੂੰ ਪੱਛਮੀ ਗੜਬੜੀ ਦੀ ਸੰਭਾਵਨਾ
ਮੌਸਮ ਵਿਗਿਆਨ ਕੇਂਦਰ ਅਨੁਸਾਰ, 27 ਅਕਤੂਬਰ ਨੂੰ ਇੱਕ ਨਵੀਂ ਪੱਛਮੀ ਗੜਬੜੀ ਪਹਾੜੀ ਇਲਾਕਿਆਂ ਵਿੱਚ ਪਹੁੰਚ ਸਕਦੀ ਹੈ। ਇਸ ਦੇ ਪ੍ਰਭਾਵ ਹੇਠ ਪੰਜਾਬ ਅਤੇ ਹਰਿਆਣਾ ਦੇ ਕੁਝ ਇਲਾਕਿਆਂ ਵਿੱਚ ਬੱਦਲ ਛਾ ਸਕਦੇ ਹਨ। ਫਿਲਹਾਲ ਮੌਸਮ ਵਿੱਚ ਕਿਸੇ ਵੱਡੇ ਬਦਲਾਅ ਦੀ ਸੰਭਾਵਨਾ ਨਹੀਂ ਹੈ।
ਰਾਤ ਦੇ ਤਾਪਮਾਨ ’ਚ ਗਿਰਾਵਟ ਨਾਲ ਵਧੀ ਠੰਢਕ
ਦਿਨ ਵੇਲੇ ਤਾਪਮਾਨ ਹਾਲੇ ਵੀ ਮੁਕਾਬਲਤਨ ਵੱਧ ਹੈ, ਪਰ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਕਾਰਨ ਸਵੇਰੇ ਅਤੇ ਸ਼ਾਮ ਨੂੰ ਠੰਢਕ ਵਧ ਰਹੀ ਹੈ। ਚੰਡੀਗੜ੍ਹ ਅਤੇ ਐੱਸ.ਬੀ.ਐੱਸ. ਨਗਰ ਵਿੱਚ ਘੱਟੋ-ਘੱਟ ਤਾਪਮਾਨ 14.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਹੋਰ ਸ਼ਹਿਰਾਂ ਵਿੱਚ ਘੱਟੋ-ਘੱਟ ਤਾਪਮਾਨ ਇਸ ਤਰ੍ਹਾਂ ਰਿਹਾ:
ਲੁਧਿਆਣਾ: 16.2 ਡਿਗਰੀ ਸੈਲਸੀਅਸ
ਜਲੰਧਰ: 16.8 ਡਿਗਰੀ ਸੈਲਸੀਅਸ
ਫਰੀਦਕੋਟ: 15.9 ਡਿਗਰੀ ਸੈਲਸੀਅਸ
ਅੰਮ੍ਰਿਤਸਰ: 18.6 ਡਿਗਰੀ ਸੈਲਸੀਅਸ







