- ਪੁੱਤ ਨੇ ਬੇਹਰਹਮੀ ਨਾਲ ਕੀਤਾ ਪਿਓ ਦਾ ਕਤਲ
ਫਤਿਹਾਬਾਦ, 21 ਅਕਤੂਬਰ (ਦੇਸ਼ ਕਲਿੱਕ ਬਿਊਰੋ): ਹਰਿਆਣਾ ਦੇ ਫਤਿਹਾਬਾਦ ਸ਼ਹਿਰ ਦੇ ਪੁਰਾਣੀ ਤਹਿਸੀਲ ਇਲਾਕੇ ਵਿੱਚ ਪਰਿਵਾਰਕ ਝਗੜੇ ਦੌਰਾਨ ਇੱਕ ਪੁੱਤ ਨੇ ਕਥਿਤ ਤੌਰ ’ਤੇ ਲੱਕੜ ਨਾਲ ਵਾਰ ਕਰਕੇ ਆਪਣੇ 61 ਸਾਲਾ ਪਿਤਾ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਧਰਮਪਾਲ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਅਤੇ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ, ਧਰਮਪਾਲ ਦੇ ਪਰਿਵਾਰ ਵਿੱਚ ਦੋ ਪੁੱਤ ਸਤੀਸ਼ ਅਤੇ ਵਿਜੇ ਅਤੇ ਇੱਕ ਵਿਆਹੁਤਾ ਧੀ ਹੈ। ਪਰਿਵਾਰ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਵੱਡਾ ਪੁੱਤ ਸਤੀਸ਼ ਨੇੜੇ ਹੀ ਇੱਕ ਕਰਿਆਨੇ ਦੀ ਦੁਕਾਨ ’ਤੇ ਕੰਮ ਕਰਦਾ ਹੈ।
ਸਤੀਸ਼ ਮੁਤਾਬਕ, ਘਟਨਾ ਸਮੇਂ ਉਸ ਦੀ ਮਾਂ ਘਰ ਵਿੱਚ ਨਹਾ ਰਹੀ ਸੀ, ਜਦਕਿ ਪਿਤਾ ਧਰਮਪਾਲ ਅਤੇ ਛੋਟਾ ਭਰਾ ਵਿਜੇ ਘਰ ਵਿੱਚ ਮੌਜੂਦ ਸਨ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋ ਗਈ। ਦੋਸ਼ ਹੈ ਕਿ ਗੁੱਸੇ ਵਿੱਚ ਆਏ 34 ਸਾਲਾ ਵਿਜੇ ਨੇ ਘਰ ਵਿੱਚ ਪਈ ਲੱਕੜ ਨਾਲ ਪਿਤਾ ਦੇ ਸਿਰ ’ਤੇ ਕਈ ਵਾਰ ਕੀਤੇ, ਜਿਸ ਕਾਰਨ ਉਹ ਖੂਨ ਨਾਲ ਲੱਥਪੱਥ ਹੋ ਕੇ ਜ਼ਮੀਨ ’ਤੇ ਡਿੱਗ ਪਏ।
ਪੋਤੀ ਨੇ ਦੁਕਾਨ ’ਤੇ ਜਾ ਕੇ ਪਿਤਾ ਨੂੰ ਦਿੱਤੀ ਸੂਚਨਾ
ਵਾਰਦਾਤ ਸਮੇਂ ਸਤੀਸ਼ ਨੇੜਲੀ ਕਰਿਆਨੇ ਦੀ ਦੁਕਾਨ ’ਤੇ ਕੰਮ ਕਰ ਰਿਹਾ ਸੀ। ਇਸੇ ਦੌਰਾਨ ਉਸ ਦੀ ਧੀ ਭੱਜ ਕੇ ਦੁਕਾਨ ’ਤੇ ਪਹੁੰਚੀ ਅਤੇ ਦੱਸਿਆ ਕਿ ਉਸ ਦੇ ਚਾਚੇ ਨੇ ਦਾਦੇ ’ਤੇ ਹਮਲਾ ਕਰ ਦਿੱਤਾ ਹੈ। ਸੂਚਨਾ ਮਿਲਦਿਆਂ ਹੀ ਸਤੀਸ਼ ਘਰ ਪਹੁੰਚਿਆ, ਜਿੱਥੇ ਉਸ ਦੇ ਪਿਤਾ ਖੂਨ ਨਾਲ ਲੱਥਪੱਥ ਹਾਲਤ ਵਿੱਚ ਪਏ ਸਨ। ਪਰਿਵਾਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਮ੍ਰਿਤਕ ਐਲਾਨਿਆ
ਪਰਿਵਾਰਕ ਮੈਂਬਰਾਂ ਅਤੇ ਪੁਲਿਸ ਦੀ ਮਦਦ ਨਾਲ ਧਰਮਪਾਲ ਨੂੰ ਤੁਰੰਤ ਫਤਿਹਾਬਾਦ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਵੱਲੋਂ ਜਾਂਚ, ਮੁਲਜ਼ਮ ਦੀ ਭਾਲ ਜਾਰੀ
ਘਟਨਾ ਦੀ ਸੂਚਨਾ ਮਿਲਣ ’ਤੇ ਸਿਟੀ ਥਾਣੇ ਦੇ ਇੰਚਾਰਜ ਸੰਜੇ ਮੋਰਵਾਲ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਿਸ ਨੇ ਸਬੂਤ ਇਕੱਠੇ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਵੱਡੇ ਪੁੱਤ ਸਤੀਸ਼ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਛੋਟਾ ਭਰਾ ਵਿਜੇ ਪਿਛਲੇ ਕਾਫ਼ੀ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਅਕਸਰ ਘਰ ਵਿੱਚ ਝਗੜਾ ਕਰਦਾ ਸੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਮੁਲਜ਼ਮ ਵਿਜੇ ਦੀ ਭਾਲ ਕੀਤੀ ਜਾ ਰਹੀ ਹੈ।







