- ਪਰਵਿੰਦਰ ਝੋਟਾ ਕਤਲ ਮਾਮਲਾ: ਪੰਜਾਬ ਸਰਕਾਰ ਵੱਲੋਂ DSP ਅਤੇ ਡਰੱਗ ਇੰਸਪੈਕਟਰ ਸਸਪੈਂਡ
- ਪਰਿਵਾਰ ਦੇ ਬਿਆਨ ਦਰਜ
- ਪੋਸਟਮਾਰਟਮ ਕਰਵਾਉਣ ਬਾਰੇ ਚਰਚਾ ਤੇਜ਼
ਮਾਨਸਾ, 21 ਅਕਤੂਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਵਾਲੇ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ (CBI) ਨੇ ਨਵੀਂ ਐੱਫਆਈਆਰ ਦਰਜ ਕਰ ਲਈ ਹੈ। CBI ਦੀ ਟੀਮ ਝੋਟਾ ਦੇ ਪਰਿਵਾਰ ਦੇ ਬਿਆਨ ਦਰਜ ਕਰਨ ਲਈ ਉਨ੍ਹਾਂ ਦੇ ਘਰ ਪਹੁੰਚੀ। ਬਿਆਨ ਲੈਣ ਤੋਂ ਬਾਅਦ ਟੀਮ ਵਾਪਸ ਮੰਡੀ ਬੋਰਡ ਦੇ ਰੈਸਟ ਹਾਊਸ ਚਲੀ ਗਈ।
CBI ਦੀ ਜਾਂਚ ਸ਼ੁਰੂ ਹੁੰਦਿਆਂ ਹੀ ਪੰਜਾਬ ਸਰਕਾਰ ਨੇ ਵੀ ਕਾਰਵਾਈ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਜਯੰਤ ਕੌਰ ਤੋਂ ਬਾਅਦ ਹੁਣ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਅਤੇ ਡਰੱਗ ਇੰਸਪੈਕਟਰ ਨਰੇਸ਼ ਕੁਮਾਰ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਹੈ।
ਪੋਸਟਮਾਰਟਮ ਬਾਰੇ ਫੈਸਲਾ ਐਕਸ਼ਨ ਕਮੇਟੀ ਨਾਲ ਗੱਲਬਾਤ ਮਗਰੋਂ
ਸੂਤਰਾਂ ਮੁਤਾਬਕ, CBI ਨੇ ਪਰਿਵਾਰ ਨੂੰ ਪਰਵਿੰਦਰ ਝੋਟਾ ਦਾ ਪੋਸਟਮਾਰਟਮ ਕਰਵਾਉਣ ਲਈ ਮਨਾ ਲਿਆ ਹੈ। ਹਾਲਾਂਕਿ, ਉਨ੍ਹਾਂ ਦੀ ਪਤਨੀ ਮਨਪ੍ਰੀਤ ਕੌਰ ਨੇ ਧਰਨੇ ਵਿੱਚ ਸ਼ਾਮਲ ਲੋਕਾਂ ਨਾਲ ਇਸ ਬਾਰੇ ਸਲਾਹ ਕਰਨ ਲਈ ਪਹੁੰਚ ਕੀਤੀ। ਉਨ੍ਹਾਂ ਕਿਹਾ ਕਿ ਐਕਸ਼ਨ ਕਮੇਟੀ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਪੋਸਟਮਾਰਟਮ ਬਾਰੇ ਫੈਸਲਾ ਲਿਆ ਜਾਵੇਗਾ। ਦੂਜੇ ਪਾਸੇ, ਪੋਸਟਮਾਰਟਮ ਦੀ ਚਰਚਾ ਤੋਂ ਬਾਅਦ ਨਿਹੰਗਾਂ ਨੇ ਮਾਨਸਾ ਦੇ ਸਿਵਲ ਹਸਪਤਾਲ ਨੂੰ ਘੇਰ ਲਿਆ ਹੈ। ਉਹ ਝੋਟਾ ਦਾ ਪੋਸਟਮਾਰਟਮ ਨਾ ਕਰਵਾਉਣ ਦੀ ਮੰਗ ’ਤੇ ਅੜੇ ਹੋਏ ਹਨ।
ਅੱਧੀ ਰਾਤ ਨੂੰ ਮਾਨਸਾ ਪਹੁੰਚੀ ਸੀ CBI ਦੀ ਟੀਮ
CBI ਦੀ ਟੀਮ ਮੰਗਲਵਾਰ ਅੱਧੀ ਰਾਤ ਨੂੰ ਹੀ ਮਾਨਸਾ ਪਹੁੰਚ ਗਈ ਸੀ। ਟੀਮ ਨੇ ਰਾਤ ਸਮੇਂ ਥਾਣੇ ਵਿੱਚ ਜਾ ਕੇ ਮਾਮਲੇ ਨਾਲ ਸਬੰਧਤ ਰਿਕਾਰਡ ਅਤੇ ਸਬੂਤ ਆਪਣੇ ਕਬਜ਼ੇ ਵਿੱਚ ਲੈ ਲਏ ਸਨ। CBI ਦੇ ਬੁਲਾਰੇ ਮੁਤਾਬਕ, ਸੀਨੀਅਰ ਡੀਆਈਜੀ ਦੀ ਅਗਵਾਈ ਹੇਠ ਜਾਂਚ ਜਾਰੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ 20 ਅਕਤੂਬਰ ਨੂੰ ਝੋਟਾ ਕਤਲ ਮਾਮਲੇ ਦੀ ਜਾਂਚ CBI ਨੂੰ ਸੌਂਪਣ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਪੰਜਾਬ ਦੌਰੇ ’ਤੇ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਝੋਟਾ ਦੇ ਪਰਿਵਾਰ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਸੀ।
ਪਰਿਵਾਰ ਦਾ ਧਰਨਾ ਨੌਵੇਂ ਦਿਨ ਵੀ ਜਾਰੀ
ਪਰਵਿੰਦਰ ਝੋਟਾ ਦੇ ਪਰਿਵਾਰ ਅਤੇ ਸਮਰਥਕਾਂ ਦਾ ਧਰਨਾ ਅੱਜ ਨੌਵੇਂ ਦਿਨ ਵੀ ਜਾਰੀ ਹੈ। ਹਾਲੇ ਤੱਕ ਮ੍ਰਿਤਕ ਦੇਹ ਦਾ ਪੋਸਟਮਾਰਟਮ ਨਹੀਂ ਹੋਇਆ। ਝੋਟਾ ਦੇ ਪਿਤਾ ਭੀਮ ਸਿੰਘ ਨੇ ਕਿਹਾ ਹੈ ਕਿ ਉਹ ਫਿਲਹਾਲ ਆਪਣੇ ਪੁੱਤ ਦਾ ਅੰਤਿਮ ਸਸਕਾਰ ਨਹੀਂ ਕਰਨਗੇ। ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਕੈਮਿਸਟ ਅਸ਼ਵਨੀ ਕੁਮਾਰ ਨੇ ਕਥਿਤ ਤੌਰ ’ਤੇ ਗੋਲੀ ਮਾਰ ਕੇ ਪਰਵਿੰਦਰ ਝੋਟਾ ਦੀ ਹੱਤਿਆ ਕਰ ਦਿੱਤੀ ਸੀ। ਹੁਣ ਇਸ ਮਾਮਲੇ ਦੀ ਜਾਂਚ CBI ਵੱਲੋਂ ਕੀਤੀ ਜਾ ਰਹੀ ਹੈ।







