BREAKING- ਪੰਜਾਬ ‘ਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਲੁਧਿਆਣਾ, 22 ਅਕਤੂਬਰ 2026: ਲੁਧਿਆਣਾ ਦੇ ਦਾਅਦ ਇਲਾਕੇ ਵਿੱਚ ਬੁੱਧਵਾਰ ਦੇਰ ਰਾਤ ਜਨਮਦਿਨ ਦੀ ਪਾਰਟੀ ਦੌਰਾਨ ਦੋਸਤਾਂ ਵਿਚਾਲੇ ਹੋਏ ਝਗੜੇ ਨੇ ਖ਼ੂਨੀ ਰੂਪ ਧਾਰ ਲਿਆ। ਇਸ ਦੌਰਾਨ ਗੋਲੀ ਲੱਗਣ ਕਾਰਨ 34 ਸਾਲਾ ਰਾਹੁਲ ਸ਼ਰਮਾ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮੁੱਢਲੀ ਜਾਣਕਾਰੀ ਅਨੁਸਾਰ, ਦਾਅਦ ਇਲਾਕੇ ਵਿੱਚ ਇੱਕ ਘਰ ਵਿੱਚ ਜਨਮਦਿਨ ਦੀ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਦੋਸਤਾਂ ਵਿਚਾਲੇ ਬਹਿਸ ਹੋ ਗਈ, ਜੋ ਛੇਤੀ ਹੀ ਹਿੰਸਕ ਝਗੜੇ ਵਿੱਚ ਬਦਲ ਗਈ। ਦੋਸ਼ ਹੈ ਕਿ ਇਸ ਦੌਰਾਨ ਪਿਸਤੌਲ ਨਾਲ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿੱਚੋਂ ਦੋ ਗੋਲੀਆਂ ਰਾਹੁਲ ਨੂੰ ਲੱਗੀਆਂ। ਉਸ ਨੂੰ ਡੀਐੱਮਸੀ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਰਾਹੁਲ ਸ਼ਰਮਾ ਲੁਧਿਆਣਾ ਦੇ ਸਿਵਲ ਲਾਈਨਜ਼ ਸਥਿਤ ਰੋਜ਼ ਐਨਕਲੇਵ ਦਾ ਰਹਿਣ ਵਾਲਾ ਸੀ। ਉਹ ਮਸ਼ਹੂਰ ‘ਪੰਡਿਤ ਛੋਲੇ ਕੁਲਚੇ’ ਵਾਲੇ ਕੁਲਦੀਪ ਸ਼ਰਮਾ ਦਾ ਪੁੱਤਰ ਸੀ, ਜਿਨ੍ਹਾਂ ਦੀ ਸੈਮਟਰੀ ਰੋਡ ’ਤੇ ਰੇਹੜੀ ਹੈ।
ਪੁਲਿਸ ਅਨੁਸਾਰ, ਜਨਮਦਿਨ ਪਾਰਟੀ ਦੀ ਮੇਜ਼ਬਾਨੀ ਅਖਿਲ ਜੋਸ਼ੀ ਕਰ ਰਿਹਾ ਸੀ। ਮਾਮਲੇ ਵਿੱਚ ਗਗਨਦੀਪ, ਪਰਮ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਦੇ ਨਾਂ ਸਾਹਮਣੇ ਆਏ ਹਨ। ਸਦਰ ਥਾਣੇ ਦੇ ਐੱਸਐੱਚਓ ਇੰਸਪੈਕਟਰ ਜਗਦੇਵ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਤੇ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਕਤਲ ਪਿੱਛੇ ਅਸਲ ਕਾਰਨ ਅਜੇ ਸਪੱਸ਼ਟ ਨਹੀਂ ਹੋਇਆ।







