- ਅਕਾਲੀ-ਭਾਜਪਾ ਦਾ ਸੰਭਾਵੀ ਗਠਜੋੜ ‘ਜ਼ੀਰੋ ਜਮ੍ਹਾਂ ਜ਼ੀਰੋ’; ਪੰਜਾਬ ਦੇ ਲੋਕ ਵਿਕਾਸ ਅਤੇ ਕੰਮਾਂ ਦੀ ਰਾਜਨੀਤੀ ਨੂੰ ਦਿੰਦੇ ਹਨ ਤਰਜੀਹ: ਗੋਇਲ
- ਕਿਸਾਨ ਅੰਦੋਲਨ ਦੌਰਾਨ ਹੋਈਆਂ ਸ਼ਹਾਦਤਾਂ ਲਈ ਜ਼ਿੰਮੇਵਾਰ ਧਿਰਾਂ ਨੂੰ ਪੰਜਾਬੀ ਕਦੇ ਮੁਆਫ਼ ਨਹੀਂ ਕਰਨਗੇ: ਕੈਬਨਿਟ ਮੰਤਰੀ
- ਦੁੱਖ ਸਾਂਝਾ ਕਰਨ ਆਏ ਚਰਨਜੀਤ ਸਿੰਘ ਚੰਨੀ ਵੱਲੋਂ ਗੁਲਦਸਤੇ ਸਵੀਕਾਰ ਕਰਨ ਨੂੰ ਦੱਸਿਆ ਗ਼ੈਰ-ਸੰਵੇਦਨਸ਼ੀਲ ਵਤੀਰਾ
- ਲਹਿਰਾਗਾਗਾ ਮੈਡੀਕਲ ਕਾਲਜ ਇਲਾਕੇ ਲਈ ਵੱਡੀ ਸੌਗਾਤ; ਬੰਦ ਪਈ ਸੰਸਥਾ ਦੀ ਇਮਾਰਤ ਨੂੰ ਸਿਹਤ ਸੇਵਾਵਾਂ ਲਈ ਵਰਤੋਂ ਵਿੱਚ ਲਿਆਉਣ ਦਾ ਉਪਰਾਲਾ
- ਸੀ.ਐੱਚ.ਸੀ. ਵਿਖੇ ਜੈਨ ਸਮਾਜ ਦੇ ਸਹਿਯੋਗ ਨਾਲ ਗੋਡੇ ਬਦਲਣ ਅਤੇ ਲੈਪਰੋਸਕੋਪੀ ਦੇ ਅਪਰੇਸ਼ਨ ਮੁਫ਼ਤ ਹੋਣ ਨਾਲ ਲੋੜਵੰਦਾਂ ਨੂੰ ਮਿਲ ਰਹੀ ਵੱਡੀ ਰਾਹਤ: ਗੋਇਲ
ਲਹਿਰਾਗਾਗਾ, 24 ਅਕਤੂਬਰ (ਦੇਸ਼ ਕਲਿੱਕ ਬਿਊਰੋ): ਇੱਥੇ ਆਮ ਆਦਮੀ ਕਲੀਨਿਕ ਦਾ ਦੌਰਾ ਕਰਨ ਉਪਰੰਤ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਮੁੜ ਗਠਜੋੜ ਦੀਆਂ ਚਰਚਾਵਾਂ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਦੋਵਾਂ ਪਾਰਟੀਆਂ ਦੀਆਂ ਨੀਤੀਆਂ ਅਤੇ ਕਾਰਗੁਜ਼ਾਰੀ ਤੋਂ ਭਲੀ-ਭਾਂਤ ਜਾਣੂ ਹਨ। ਉਨ੍ਹਾਂ ਕਿਹਾ ਕਿ ਸੰਭਾਵੀ ਗਠਜੋੜ ਦਾ ਸਿਆਸੀ ਨਤੀਜਾ ‘ਜ਼ੀਰੋ ਜਮ੍ਹਾਂ ਜ਼ੀਰੋ’ ਹੀ ਰਹੇਗਾ, ਕਿਉਂਕਿ ਪੰਜਾਬ ਵਾਸੀ ਹੁਣ ਵਿਕਾਸ, ਲੋਕ ਭਲਾਈ ਅਤੇ ਜ਼ਮੀਨੀ ਪੱਧਰ ’ਤੇ ਕੀਤੇ ਜਾ ਰਹੇ ਕੰਮਾਂ ਨੂੰ ਤਰਜੀਹ ਦਿੰਦੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਆਪਸ ਵਿੱਚ ਸਮਝੌਤਾ ਕਰਨਾ ਜਾਂ ਨਾ ਕਰਨਾ ਸਬੰਧਤ ਪਾਰਟੀਆਂ ਦਾ ਅੰਦਰੂਨੀ ਫ਼ੈਸਲਾ ਹੈ, ਪਰ ਇਸ ਨਾਲ ਉਨ੍ਹਾਂ ਦੀ ਪਿਛਲੀ ਕਾਰਗੁਜ਼ਾਰੀ ਬਾਰੇ ਲੋਕਾਂ ਦੀ ਰਾਇ ਨਹੀਂ ਬਦਲੇਗੀ। ਉਨ੍ਹਾਂ ਦੋਸ਼ ਲਾਇਆ ਕਿ ਲੰਮਾ ਸਮਾਂ ਪੰਜਾਬ ਵਿੱਚ ਸੱਤਾ ਸੰਭਾਲਣ ਅਤੇ ਕੇਂਦਰ ਵਿੱਚ ਭਾਈਵਾਲ ਰਹਿਣ ਦੇ ਬਾਵਜੂਦ ਦੋਵਾਂ ਧਿਰਾਂ ਨੇ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ।
ਕਿਸਾਨ ਅੰਦੋਲਨ ਦਾ ਜ਼ਿਕਰ ਕਰਦਿਆਂ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਦੇਸ਼ ਦਾ ਅੰਨ ਭੰਡਾਰ ਭਰਨ ਵਾਲੇ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਲੰਮਾ ਸੰਘਰਸ਼ ਕਰਨਾ ਪਿਆ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸੰਘਰਸ਼ ਦੌਰਾਨ 750 ਤੋਂ ਵੱਧ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ। ਉਨ੍ਹਾਂ ਕਿਹਾ ਕਿ ਕਿਸਾਨ ਪਰਿਵਾਰਾਂ ਨੇ ਜੋ ਦੁੱਖ ਝੱਲਿਆ, ਉਸ ਨੂੰ ਪੰਜਾਬ ਦੇ ਲੋਕ ਭੁਲਾ ਨਹੀਂ ਸਕਦੇ ਅਤੇ ਇਸ ਲਈ ਜ਼ਿੰਮੇਵਾਰ ਧਿਰਾਂ ਨੂੰ ਮੁਆਫ਼ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਵਿਸ਼ਵਾਸ ਅਤੇ ਆਪਣੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕਾਰਜਾਂ ਦੇ ਆਧਾਰ ’ਤੇ ਲੋਕਾਂ ਵਿੱਚ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਧਿਆਨ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਅਤੇ ਸਿਹਤ, ਸਿੱਖਿਆ ਤੇ ਹੋਰ ਜਨਤਕ ਸਹੂਲਤਾਂ ਨੂੰ ਮਜ਼ਬੂਤ ਕਰਨ ’ਤੇ ਕੇਂਦਰਿਤ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਾਲੀਆ ਦੌਰੇ ਬਾਰੇ ਗੱਲ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਅੱਠ ਮਜ਼ਦੂਰਾਂ ਦੀ ਮੌਤ ਅਤੇ 12 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਦੁਖਦਾਈ ਘਟਨਾ ਕਾਰਨ ਪੂਰਾ ਇਲਾਕਾ ਸੋਗ ਵਿੱਚ ਸੀ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਨਾ ਅਤੇ ਉਨ੍ਹਾਂ ਨੂੰ ਹੌਸਲਾ ਦੇਣਾ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ।
ਬਰਿੰਦਰ ਕੁਮਾਰ ਗੋਇਲ ਨੇ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਤਸਵੀਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਦੁੱਖ ਸਾਂਝਾ ਕਰਨ ਆਏ ਚਰਨਜੀਤ ਸਿੰਘ ਚੰਨੀ ਵੱਲੋਂ ਗੁਲਦਸਤੇ ਸਵੀਕਾਰ ਕਰਨਾ ਮੌਕੇ ਦੀ ਗੰਭੀਰਤਾ ਅਨੁਸਾਰ ਢੁੱਕਵਾਂ ਨਹੀਂ ਸੀ। ਉਨ੍ਹਾਂ ਇਸ ਨੂੰ ਗ਼ੈਰ-ਸੰਵੇਦਨਸ਼ੀਲ ਵਤੀਰਾ ਕਰਾਰ ਦਿੰਦਿਆਂ ਕਿਹਾ ਕਿ ਜਨਤਕ ਜੀਵਨ ਵਿੱਚ ਵਿਚਰਨ ਵਾਲੇ ਆਗੂਆਂ ਨੂੰ ਸੋਗਮਈ ਮੌਕਿਆਂ ’ਤੇ ਵਿਸ਼ੇਸ਼ ਸੰਜਮ ਅਤੇ ਸੰਵੇਦਨਸ਼ੀਲਤਾ ਵਰਤਣੀ ਚਾਹੀਦੀ ਹੈ।
ਲਹਿਰਾਗਾਗਾ ਮੈਡੀਕਲ ਕਾਲਜ ਸਬੰਧੀ ਚੰਨੀ ਵੱਲੋਂ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪ੍ਰਾਜੈਕਟ ਹਲਕੇ ਅਤੇ ਆਸ-ਪਾਸ ਦੇ ਇਲਾਕਿਆਂ ਲਈ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਮਹੱਤਤਾ ਨੂੰ ਸਮਝਣ ਲਈ ਉਨ੍ਹਾਂ ਲੋਕਾਂ ਦੀਆਂ ਲੋੜਾਂ ਨੂੰ ਸਮਝਣਾ ਜ਼ਰੂਰੀ ਹੈ, ਜਿਨ੍ਹਾਂ ਨੂੰ ਵਿਸ਼ੇਸ਼ ਇਲਾਜ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਦੀ ਅਹਿਮੀਅਤ ਬਾਰੇ ਉਨ੍ਹਾਂ ਨੂੰ ਚਰਨਜੀਤ ਸਿੰਘ ਚੰਨੀ ਤੋਂ ਕਿਸੇ ਸਰਟੀਫਿਕੇਟ ਦੀ ਲੋੜ ਨਹੀਂ ਹੈ।
ਸਰਕਾਰੀ ਜਾਇਦਾਦ ਵੇਚਣ ਸਬੰਧੀ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੁਰਾਣਾ ਇੰਜੀਨੀਅਰਿੰਗ ਕਾਲਜ ਬੰਦ ਪਿਆ ਹੋਣ ਕਾਰਨ ਉਸ ਦੀ ਇਮਾਰਤ ਦੀ ਹਾਲਤ ਲਗਾਤਾਰ ਖ਼ਰਾਬ ਹੋ ਰਹੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਥਾਂ ਨੂੰ ਮੈਡੀਕਲ ਸਿੱਖਿਆ ਅਤੇ ਸਿਹਤ ਸੇਵਾਵਾਂ ਲਈ ਵਰਤੋਂ ਵਿੱਚ ਲਿਆਉਣ ਦਾ ਉਪਰਾਲਾ ਕੀਤਾ ਹੈ, ਤਾਂ ਜੋ ਇਹ ਸੰਪਤੀ ਲੋਕਾਂ ਦੇ ਕੰਮ ਆ ਸਕੇ। ਉਨ੍ਹਾਂ ਅਨੁਸਾਰ ਇਸ ਪ੍ਰਾਜੈਕਟ ਦਾ ਲਾਭ ਲਹਿਰਾਗਾਗਾ ਦੇ ਨਾਲ ਲੱਗਦੇ ਇਲਾਕਿਆਂ ਅਤੇ ਗੁਆਂਢੀ ਸੂਬੇ ਹਰਿਆਣਾ ਦੇ ਲੋਕਾਂ ਨੂੰ ਵੀ ਮਿਲੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸਥਾਨਕ ਕਮਿਊਨਿਟੀ ਹੈਲਥ ਸੈਂਟਰ ਵਿਖੇ ਜੈਨ ਸਮਾਜ ਦੇ ਸਹਿਯੋਗ ਨਾਲ ਲੋਕਾਂ ਨੂੰ ਮੈਡੀਕਲ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇੱਥੇ ਗੋਡੇ ਬਦਲਣ ਅਤੇ ਲੈਪਰੋਸਕੋਪੀ ਰਾਹੀਂ ਅਪਰੇਸ਼ਨ ਮੁਫ਼ਤ ਕੀਤੇ ਜਾ ਰਹੇ ਹਨ। ਉਨ੍ਹਾਂ ਅਨੁਸਾਰ ਨਿੱਜੀ ਹਸਪਤਾਲਾਂ ਵਿੱਚ ਅਜਿਹੇ ਅਪਰੇਸ਼ਨਾਂ ’ਤੇ ਲਗਭਗ 70 ਤੋਂ 80 ਹਜ਼ਾਰ ਰੁਪਏ ਤੱਕ ਖ਼ਰਚ ਆ ਸਕਦਾ ਹੈ, ਜਦਕਿ ਇਹ ਸਹੂਲਤ ਮੁਫ਼ਤ ਮਿਲਣ ਨਾਲ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਵੱਡੀ ਆਰਥਿਕ ਰਾਹਤ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਬਿਹਤਰ ਇਲਾਜ ਮੁਹੱਈਆ ਕਰਵਾਉਣਾ ਸਰਕਾਰ ਦੀ ਤਰਜੀਹ ਹੈ। ਮੈਡੀਕਲ ਕਾਲਜ ਦੀ ਸਥਾਪਨਾ ਨਾਲ ਖੇਤਰ ਵਿੱਚ ਸਿਹਤ ਸੇਵਾਵਾਂ ਅਤੇ ਮੈਡੀਕਲ ਸਿੱਖਿਆ ਦੇ ਵਿਸਥਾਰ ਨੂੰ ਹੁਲਾਰਾ ਮਿਲੇਗਾ।
ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ 9 ਜਨਵਰੀ ਨੂੰ ਪੰਜਾਬ ਕੈਬਨਿਟ ਵੱਲੋਂ ਲਹਿਰਾਗਾਗਾ ਵਿੱਚ ਮੈਡੀਕਲ ਕਾਲਜ ਨੂੰ ਮਨਜ਼ੂਰੀ ਦਿੱਤੇ ਜਾਣ ’ਤੇ ਇਲਾਕੇ ਦੇ ਲੋਕਾਂ ਨੇ ਭਰਪੂਰ ਖੁਸ਼ੀ ਪ੍ਰਗਟਾਈ ਸੀ। ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਹੋਰ ਆਗੂਆਂ ਨਾਲ ਇਲਾਕੇ ਵਿੱਚ ਪਹੁੰਚਣ ਮੌਕੇ ਲੋਕਾਂ ਵੱਲੋਂ ਕੀਤਾ ਗਿਆ ਸਵਾਗਤ ਇਸ ਗੱਲ ਦਾ ਪ੍ਰਮਾਣ ਸੀ ਕਿ ਇਹ ਪ੍ਰਾਜੈਕਟ ਲੋਕਾਂ ਦੀ ਕਿੰਨੀ ਅਹਿਮ ਲੋੜ ਹੈ।
ਕੈਬਨਿਟ ਮੰਤਰੀ ਨੇ ਵਿਰੋਧੀ ਆਗੂਆਂ ਨੂੰ ਅਪੀਲ ਕੀਤੀ ਕਿ ਲੋਕ ਹਿੱਤ ਦੇ ਪ੍ਰਾਜੈਕਟਾਂ ਬਾਰੇ ਟਿੱਪਣੀ ਕਰਨ ਤੋਂ ਪਹਿਲਾਂ ਤੱਥਾਂ ਅਤੇ ਜ਼ਮੀਨੀ ਹਕੀਕਤ ਦੀ ਜਾਣਕਾਰੀ ਹਾਸਲ ਕਰਨ। ਉਨ੍ਹਾਂ ਕਿਹਾ ਕਿ ਉਸਾਰੂ ਆਲੋਚਨਾ ਲੋਕਤੰਤਰ ਦਾ ਅਹਿਮ ਹਿੱਸਾ ਹੈ, ਪਰ ਬੇਬੁਨਿਆਦ ਬਿਆਨਬਾਜ਼ੀ ਨਾਲ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਲੋਕਾਂ ਦੀ ਸੇਵਾ ਅਤੇ ਹਲਕੇ ਦੇ ਵਿਕਾਸ ਲਈ ਆਪਣੇ ਯਤਨ ਲਗਾਤਾਰ ਜਾਰੀ ਰੱਖੇਗੀ।







