ਪੰਜਾਬ ’ਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਆਸਾਂ ’ਤੇ ਫੇਰਿਆ ਪਾਣੀ! ਖੇਤਾਂ ’ਚ ਵਿਛੀ ਪੱਕੀ ਫ਼ਸਲ; ਮੰਡੀਆਂ ’ਚ ਝੋਨਾ ਭਿੱਜਿਆ

Top Trending News ਪੰਜਾਬ

 

ਪੰਜਾਬ ’ਚ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਆਸਾਂ ’ਤੇ ਫੇਰਿਆ ਪਾਣੀ! ਖੇਤਾਂ ’ਚ ਵਿਛੀ ਪੱਕੀ ਫ਼ਸਲ; ਮੰਡੀਆਂ ’ਚ ਝੋਨਾ ਭਿੱਜਿਆ

ਕਈ ਜ਼ਿਲ੍ਹਿਆਂ ’ਚ ਹਨੇਰੀ ਮਗਰੋਂ ਭਾਰੀ ਮੀਂਹ ਤੇ ਗੜੇਮਾਰੀ, ਝਾੜ ਘਟਣ ਅਤੇ ਦਾਣਾ ਬਦਰੰਗ ਹੋਣ ਦਾ ਖ਼ਦਸ਼ਾ; ਲੰਬੀ ਹਲਕੇ ’ਚ ਸਿਰਫ਼ 10 ਤੋਂ 12 ਫ਼ੀਸਦੀ ਹੋਈ ਝੋਨੇ ਦੀ ਵਾਢੀ

ਚੰਡੀਗੜ੍ਹ 25 ਅਕਤੂਬਰ 2026

ਪੰਜਾਬ ਵਿੱਚ ਅੱਜ ਸ਼ਾਮ ਆਈ ਤੇਜ਼ ਹਨੇਰੀ, ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਖ਼ਰਾਬ ਮੌਸਮ ਕਾਰਨ ਕਈ ਇਲਾਕਿਆਂ ਵਿੱਚ ਖੇਤਾਂ ਅੰਦਰ ਪੱਕੀ ਖੜ੍ਹੀ ਝੋਨੇ ਦੀ ਫ਼ਸਲ ਵਿਛ ਗਈ, ਜਦਕਿ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਿਆ ਝੋਨਾ ਮੀਂਹ ਨਾਲ ਭਿੱਜ ਗਿਆ। ਇਸ ਨਾਲ ਜਿੱਥੇ ਵਾਢੀ ਅਤੇ ਖ਼ਰੀਦ ਦਾ ਕੰਮ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ, ਉੱਥੇ ਹੀ ਕਿਸਾਨਾਂ ਨੂੰ ਫ਼ਸਲ ਦਾ ਝਾੜ ਘਟਣ ਅਤੇ ਭਾਰੀ ਮਾਲੀ ਨੁਕਸਾਨ ਦੀ ਚਿੰਤਾ ਸਤਾਉਣ ਲੱਗੀ ਹੈ।

ਮੌਸਮ ਵਿਗਿਆਨੀਆਂ ਅਨੁਸਾਰ ਅੱਜ ਬਾਅਦ ਦੁਪਹਿਰ ਪੱਛਮੀ ਗੜਬੜੀ ਸਰਗਰਮ ਹੋਣ ਕਾਰਨ ਸੂਬੇ ਦੇ ਕਈ ਹਿੱਸਿਆਂ ਵਿੱਚ ਮੌਸਮ ਨੇ ਅਚਾਨਕ ਕਰਵਟ ਲਈ। ਅੰਮ੍ਰਿਤਸਰ, ਤਰਨ ਤਾਰਨ, ਅਬੋਹਰ, ਸੰਗਰੂਰ, ਮਾਨਸਾ, ਪਟਿਆਲਾ, ਫਿਰੋਜ਼ਪੁਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਸਮੇਤ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਚੱਲਣ ਮਗਰੋਂ ਭਾਰੀ ਮੀਂਹ ਪਿਆ ਅਤੇ ਗੜੇਮਾਰੀ ਹੋਈ। ਇਸ ਕਾਰਨ ਖੇਤਾਂ ਵਿੱਚ ਪੱਕਣ ਤੋਂ ਬਾਅਦ ਵਾਢੀ ਦੀ ਉਡੀਕ ਕਰ ਰਹੀ ਫ਼ਸਲ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਹੈ। ਮੌਸਮ ਵਿਭਾਗ ਨੇ 25, 26 ਅਤੇ 27 ਅਕਤੂਬਰ ਨੂੰ ਮੌਸਮ ਸਾਫ਼ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ।

ਬੇਮੌਸਮੀ ਮੀਂਹ ਨੇ ਮੰਡੀਆਂ ਵਿੱਚ ਝੋਨੇ ਦੀ ਸੰਭਾਲ ਅਤੇ ਖ਼ਰੀਦ ਪ੍ਰਬੰਧਾਂ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਹੇਠ ਪਈ ਜਿਣਸ ਦੇ ਭਿੱਜਣ ਕਾਰਨ ਕਿਸਾਨਾਂ ਨੂੰ ਦਾਣਾ ਬਦਰੰਗ ਹੋਣ ਅਤੇ ਗੁਣਵੱਤਾ ਪ੍ਰਭਾਵਿਤ ਹੋਣ ਦਾ ਡਰ ਹੈ। ਇਸ ਨਾਲ ਝੋਨੇ ਦੀ ਖ਼ਰੀਦ, ਸੁਕਾਈ ਅਤੇ ਲਿਫਟਿੰਗ ਦੇ ਕੰਮ ਵਿੱਚ ਵੀ ਦੇਰੀ ਹੋ ਸਕਦੀ ਹੈ। ਕਿਸਾਨਾਂ ਲਈ ਚਿੰਤਾ ਇਹ ਹੈ ਕਿ ਇੱਕ ਪਾਸੇ ਖੇਤਾਂ ਵਿੱਚ ਖੜ੍ਹੀ ਫ਼ਸਲ ਮੀਂਹ ਅਤੇ ਤੇਜ਼ ਹਵਾਵਾਂ ਦੀ ਮਾਰ ਹੇਠ ਆ ਗਈ ਹੈ, ਦੂਜੇ ਪਾਸੇ ਮੰਡੀਆਂ ਵਿੱਚ ਪਹੁੰਚੀ ਜਿਣਸ ਦੀ ਸੰਭਾਲ ਵੀ ਚੁਣੌਤੀ ਬਣ ਗਈ ਹੈ।

ਸੂਬੇ ਦੇ ਕਈ ਇਲਾਕਿਆਂ ਵਿੱਚ ਝੋਨੇ ਦੀ ਵਾਢੀ ਪਹਿਲਾਂ ਹੀ ਮੱਠੀ ਰਫ਼ਤਾਰ ਨਾਲ ਚੱਲ ਰਹੀ ਸੀ। ਇਸ ਕਾਰਨ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਫ਼ਸਲ ਹਾਲੇ ਖੇਤਾਂ ਵਿੱਚ ਖੜ੍ਹੀ ਹੈ। ਲੰਬੀ ਹਲਕੇ ਵਿੱਚ ਹੁਣ ਤੱਕ ਸਿਰਫ਼ 10 ਤੋਂ 12 ਫ਼ੀਸਦੀ ਝੋਨੇ ਦੀ ਵਾਢੀ ਹੀ ਮੁਕੰਮਲ ਹੋ ਸਕੀ ਸੀ। ਅਜਿਹੇ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਖੇਤਾਂ ਵਿੱਚ ਖੜ੍ਹੀ ਵੱਡੀ ਮਾਤਰਾ ਵਿੱਚ ਫ਼ਸਲ ਵਿਛ ਜਾਣ ਨਾਲ ਕਿਸਾਨਾਂ ਦੀ ਚਿੰਤਾ ਹੋਰ ਵਧ ਗਈ ਹੈ।

ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਹੁਣ ਕਿਸਾਨਾਂ ਨੂੰ ਫ਼ਸਲ ਦੇ ਨੁਕਸਾਨ ਦੇ ਨਾਲ-ਨਾਲ ਖ਼ਰੀਦ ਪ੍ਰਕਿਰਿਆ ਵਿੱਚ ਹੋਰ ਦੇਰੀ ਦਾ ਖ਼ਦਸ਼ਾ ਵੀ ਹੈ। ਕਿਸਾਨਾਂ ਦੀ ਨਜ਼ਰ ਹੁਣ ਮੌਸਮ ਸਾਫ਼ ਹੋਣ, ਮੰਡੀਆਂ ਵਿੱਚ ਝੋਨੇ ਦੀ ਢੁੱਕਵੀਂ ਸੰਭਾਲ ਅਤੇ ਖ਼ਰੀਦ ਤੇ ਲਿਫਟਿੰਗ ਦੇ ਕੰਮ ਵਿੱਚ ਤੇਜ਼ੀ ਲਿਆਉਣ ਵੱਲ ਲੱਗੀ ਹੋਈ ਹੈ।