15 ਸਾਲਾ ਜੰਗਸ਼ੇਰ ਸਿੰਘ ਨੇ ਵਿਸ਼ਵ ਬੈਡਮਿੰਟਨ ’ਚ ਗੱਡੇ ਝੰਡੇ, CM ਭਗਵੰਤ ਮਾਨ ਨੇ ਮਿਲ ਕੇ ਦਿੱਤੀ ਵਧਾਈ
ਚੰਡੀਗੜ੍ਹ, 25 ਅਕਤੂਬਰ 2026: ਪੰਜਾਬ ਦੇ ਨੌਜਵਾਨ ਬੈਡਮਿੰਟਨ ਖਿਡਾਰੀ ਜੰਗਸ਼ੇਰ ਸਿੰਘ ਖੰਗੂੜਾ ਨੇ ਮਹਿਜ਼ 15 ਸਾਲ ਦੀ ਉਮਰ ਵਿੱਚ ਵਿਸ਼ਵ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤ ਕੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਉਸ ਦੀ ਇਸ ਪ੍ਰਾਪਤੀ ’ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀ ਅਤੇ ਉਸ ਦੇ ਪਰਿਵਾਰ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਵਧਾਈ ਦਿੱਤੀ।
ਮਿਸਰ ਵਿੱਚ ਕਰਵਾਈ ਗਈ ਵਿਸ਼ਵ ਜੂਨੀਅਰ ਬੈਡਮਿੰਟਨ ਚੈਂਪੀਅਨਸ਼ਿਪ ਦੌਰਾਨ ਜੰਗਸ਼ੇਰ ਸਿੰਘ ਨੇ ਆਪਣੇ ਖੇਡ ਹੁਨਰ ਅਤੇ ਮਿਹਨਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ। ਛੋਟੀ ਉਮਰ ਵਿੱਚ ਮਿਲੀ ਇਹ ਕੌਮਾਂਤਰੀ ਪ੍ਰਾਪਤੀ ਉਸ ਦੀ ਲਗਨ, ਅਨੁਸ਼ਾਸਨ ਅਤੇ ਖੇਡ ਪ੍ਰਤੀ ਸਮਰਪਣ ਨੂੰ ਦਰਸਾਉਂਦੀ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਜੰਗਸ਼ੇਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਉਸ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪੰਜਾਬ ਦੇ ਉੱਭਰਦੇ ਖਿਡਾਰੀਆਂ ਨੂੰ ਵੀ ਪ੍ਰੇਰਣਾ ਮਿਲੇਗੀ।
ਜੰਗਸ਼ੇਰ ਸਿੰਘ ਦੀ ਇਹ ਕਾਮਯਾਬੀ ਦਰਸਾਉਂਦੀ ਹੈ ਕਿ ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਨੌਜਵਾਨ ਖਿਡਾਰੀ ਅੰਤਰਰਾਸ਼ਟਰੀ ਮੰਚ ’ਤੇ ਆਪਣੀ ਵੱਖਰੀ ਪਛਾਣ ਬਣਾ ਸਕਦੇ ਹਨ। ਖੇਡ ਪ੍ਰੇਮੀਆਂ ਨੂੰ ਹੁਣ ਉਸ ਤੋਂ ਭਵਿੱਖ ਵਿੱਚ ਹੋਰ ਵੱਡੀਆਂ ਪ੍ਰਾਪਤੀਆਂ ਦੀ ਉਮੀਦ ਹੈ।







