- ਸਿਵਲ ਹਸਪਤਾਲ ’ਚ ਮਹਿਲਾ ਡਾਕਟਰ ਦੀ ਕੁੱਟਮਾਰ, ਐਂਬੂਲੈਂਸ ਡਰਾਈਵਰ ਦੇ ਵੀ ਪਾੜੇ ਕੱਪੜੇ
ਮੋਹਾਲੀ, 25 ਅਕਤੂਬਰ (ਦੇਸ਼ ਕਲਿੱਕ ਬਿਊਰੋ): ਮੋਹਾਲੀ ਦੇ ਖਰੜ ਸਿਵਲ ਹਸਪਤਾਲ ਵਿੱਚ ਡਿਊਟੀ ਦੌਰਾਨ ਇੱਕ ਮਹਿਲਾ ਡਾਕਟਰ ਅਤੇ ਹਸਪਤਾਲ ਦੇ ਸਟਾਫ਼ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਇਲਾਜ ਲਈ ਆਏ ਇੱਕ ਨੌਜਵਾਨ ਨੇ ਮਹਿਲਾ ਡਾਕਟਰ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਦਾ ਗਲਾ ਫੜ ਕੇ ਜ਼ਮੀਨ ’ਤੇ ਸੁੱਟ ਦਿੱਤਾ। ਇਸ ਦੌਰਾਨ ਡਾਕਟਰ ਦੀ ਕਮੀਜ਼ ਦੇ ਬਟਨ ਟੁੱਟ ਗਏ ਅਤੇ ਗਲੇ ਵਿੱਚ ਪਿਆ ਸਟੈਥੋਸਕੋਪ ਵੀ ਟੁੱਟ ਗਿਆ।
ਵਿਚ-ਬਚਾਅ ਕਰਨ ਪਹੁੰਚੇ ਐਂਬੂਲੈਂਸ ਡਰਾਈਵਰ ਨਾਲ ਵੀ ਮੁਲਜ਼ਮ ਵੱਲੋਂ ਹੱਥੋਪਾਈ ਕਰਨ ਅਤੇ ਉਸ ਦੇ ਕੱਪੜੇ ਪਾੜਨ ਦੇ ਦੋਸ਼ ਹਨ। ਡਾਕਟਰ ਨੇ ਨੌਜਵਾਨ ’ਤੇ ਨਸ਼ੇ ਦੀ ਹਾਲਤ ਵਿੱਚ ਹੋਣ ਦਾ ਸ਼ੱਕ ਵੀ ਜਤਾਇਆ ਹੈ। ਸੂਚਨਾ ਮਿਲਣ ਤੋਂ ਬਾਅਦ ਖਰੜ ਸਿਟੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁਲਿਸ ਨੇ ਉਸ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਮਰਜੈਂਸੀ ਵਾਰਡ ਵਿੱਚ ਡਿਊਟੀ ਕਰ ਰਹੀ ਸੀ ਡਾਕਟਰ
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮੈਡੀਕਲ ਅਫ਼ਸਰ ਡਾ. ਹਰਸ਼ਰਨਪ੍ਰੀਤ ਕੌਰ (29) ਨੇ ਦੱਸਿਆ ਕਿ 24 ਅਕਤੂਬਰ ਨੂੰ ਉਨ੍ਹਾਂ ਦੀ ਡਿਊਟੀ ਰਾਤ 8 ਵਜੇ ਸ਼ੁਰੂ ਹੋਈ ਸੀ। ਕਰੀਬ ਸਾਢੇ 8 ਵਜੇ ਉਹ ਐਮਰਜੈਂਸੀ ਵਿੱਚ ਤਾਇਨਾਤ ਸਨ। ਇਸੇ ਦੌਰਾਨ ਇੱਕ ਲੜਕੀ ਉਨ੍ਹਾਂ ਕੋਲ ਆਈ ਅਤੇ ਮਰੀਜ਼ ਰਜਤਪਾਲ ਸਿੰਘ ਦੀ ਜਾਂਚ ਕਰਨ ਲਈ ਕਿਹਾ। ਡਾਕਟਰ ਮੁਤਾਬਕ, ਉਨ੍ਹਾਂ ਨੇ ਵਾਰਡ ਵਿੱਚ ਜਾ ਕੇ ਮਰੀਜ਼ ਦੀ ਜਾਂਚ ਕੀਤੀ। ਉਸ ਸਮੇਂ ਉਹ ਠੀਕ ਸੀ, ਪਰ ਕੁਝ ਦੇਰ ਬਾਅਦ ਉਹ ਅਚਾਨਕ ਜ਼ਮੀਨ ’ਤੇ ਹੱਥ-ਪੈਰ ਮਾਰਨ ਲੱਗ ਪਿਆ। ਇਸ ਤੋਂ ਬਾਅਦ ਉਸ ਨੂੰ ਮਾਈਨਰ ਆਪ੍ਰੇਸ਼ਨ ਥੀਏਟਰ (ਓਟੀ) ਵਿੱਚ ਲਿਜਾਣ ਲਈ ਕਿਹਾ ਗਿਆ।
ਗਲਾ ਫੜ ਕੇ ਜ਼ਮੀਨ ’ਤੇ ਸੁੱਟਣ ਦਾ ਦੋਸ਼
ਡਾ. ਹਰਸ਼ਰਨਪ੍ਰੀਤ ਕੌਰ ਨੇ ਦੋਸ਼ ਲਾਇਆ ਕਿ ਮਾਈਨਰ ਓਟੀ ਵਿੱਚ ਪਹੁੰਚਣ ਤੋਂ ਬਾਅਦ ਨੌਜਵਾਨ ਨੇ ਸਟਾਫ਼ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਨ੍ਹਾਂ ਨੇ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਦਾ ਗਲਾ ਫੜ ਕੇ ਜ਼ਮੀਨ ’ਤੇ ਸੁੱਟ ਦਿੱਤਾ। ਡਾਕਟਰ ਅਨੁਸਾਰ, ਮੁਲਜ਼ਮ ਨੇ ਉਨ੍ਹਾਂ ਦੀ ਕਮੀਜ਼ ਫੜ ਕੇ ਬਟਨ ਤੋੜ ਦਿੱਤੇ ਅਤੇ ਉਨ੍ਹਾਂ ਨੂੰ ਘੁਮਾਇਆ, ਜਿਸ ਕਾਰਨ ਗਲੇ ਵਿੱਚ ਪਿਆ ਸਟੈਥੋਸਕੋਪ ਵੀ ਟੁੱਟ ਗਿਆ। ਇਸ ਦੌਰਾਨ ਹਸਪਤਾਲ ਦੇ ਹੋਰ ਸਟਾਫ਼ ਨਾਲ ਵੀ ਹੱਥੋਪਾਈ ਕੀਤੀ ਗਈ।
ਐਂਬੂਲੈਂਸ ਡਰਾਈਵਰ ਨਾਲ ਵੀ ਕੀਤੀ ਕੁੱਟਮਾਰ
ਡਾਕਟਰ ਨੇ ਦੱਸਿਆ ਕਿ ਸਥਿਤੀ ਵਿਗੜਦੀ ਦੇਖ ਉਨ੍ਹਾਂ ਨੇ ਐਂਬੂਲੈਂਸ ਡਰਾਈਵਰ ਸਤਨਾਮ ਸਿੰਘ ਨੂੰ ਮਦਦ ਲਈ ਬੁਲਾਇਆ। ਮੌਕੇ ’ਤੇ ਪਹੁੰਚੇ ਡਰਾਈਵਰ ਨਾਲ ਵੀ ਮੁਲਜ਼ਮ ਨੇ ਹੱਥੋਪਾਈ ਕੀਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ।
ਪੁਲਿਸ ਨੇ ਇਨ੍ਹਾਂ ਧਾਰਾਵਾਂ ਤਹਿਤ ਦਰਜ ਕੀਤਾ ਕੇਸ
ਖਰੜ ਸਿਟੀ ਥਾਣੇ ਦੇ ਏਐੱਸਆਈ ਰਾਜਕੁਮਾਰ ਨੇ ਦੱਸਿਆ ਕਿ ਹਸਪਤਾਲ ਵਿੱਚ ਝਗੜੇ ਦੀ ਸੂਚਨਾ ਮਿਲਣ ’ਤੇ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਉੱਥੇ ਹਸਪਤਾਲ ਦੇ ਸਟਾਫ਼ ਨੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੋਇਆ ਸੀ। ਪੁੱਛਗਿੱਛ ਦੌਰਾਨ ਉਸ ਦੀ ਪਛਾਣ ਰਜਤਪਾਲ ਸਿੰਘ ਵਜੋਂ ਹੋਈ, ਜੋ ਖਰੜ ਦੇ ਹੀਰਾ ਸਿੰਘ ਨਗਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਡਾਕਟਰ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS) ਦੀਆਂ ਧਾਰਾਵਾਂ 115(2), 132, 221 ਅਤੇ 76 ਸਮੇਤ ਜਨਤਕ ਸੰਪਤੀ ਨੁਕਸਾਨ ਰੋਕੂ ਕਾਨੂੰਨ ਦੀਆਂ ਧਾਰਾਵਾਂ 3 ਅਤੇ 4 ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।







