Breaking: ਅੱਜ ਤੋਂ 12ਵਾਂ ਬ੍ਰਿਕਸ ਸੰਸਦੀ ਫੋਰਮ ਸ਼ੁਰੂ, PM ਮੋਦੀ ਵੀ ਹੋਣਗੇ ਸ਼ਾਮਲ
ਨਵੀਂ ਦਿੱਲੀ, 26 ਅਕਤੂਬਰ 2026
ਸੰਸਦ ਭਵਨ ਕੰਪਲੈਕਸ ਸਥਿਤ ‘ਸੰਵਿਧਾਨ ਸਦਨ’ ਦੇ ਸੈਂਟਰਲ ਹਾਲ ਵਿੱਚ ਅੱਜ 12ਵੇਂ ਬ੍ਰਿਕਸ ਸੰਸਦੀ ਫੋਰਮ ਦੀ ਸ਼ੁਰੂਆਤ ਹੋਵੇਗੀ। 26 ਅਤੇ 27 ਅਕਤੂਬਰ ਨੂੰ ਹੋਣ ਵਾਲੇ ਇਸ ਦੋ ਰੋਜ਼ਾ ਸਮਾਗਮ ਵਿੱਚ ਬ੍ਰਿਕਸ ਦੇ ਮੈਂਬਰ ਅਤੇ ਭਾਈਵਾਲ ਦੇਸ਼ਾਂ ਦੇ ਸੰਸਦੀ ਆਗੂ ਇਕੱਠੇ ਹੋਣਗੇ। ਇਸ ਦੌਰਾਨ ਸੰਸਦੀ ਸਹਿਯੋਗ ਮਜ਼ਬੂਤ ਕਰਨ ਅਤੇ ਲੋਕ-ਕੇਂਦਰਿਤ ਵਿਕਾਸ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਫੋਰਮ ਵਿੱਚ ਸ਼ਾਮਲ ਹੋਣਗੇ। ਉਹ ਵੱਖ-ਵੱਖ ਦੇਸ਼ਾਂ ਤੋਂ ਆਏ ਵਫ਼ਦਾਂ ਦੇ ਮੁਖੀਆਂ ਨਾਲ ਮੁਲਾਕਾਤ ਕਰਨਗੇ।
ਇਸ ਤੋਂ ਪਹਿਲਾਂ ਐਤਵਾਰ ਨੂੰ ਰੂਸ ਦੀ ਸਟੇਟ ਡੂਮਾ ਦੇ ਚੇਅਰਮੈਨ ਵਿਆਚੇਸਲਾਵ ਵੋਲੋਦਿਨ ਭਾਰਤ ਪਹੁੰਚੇ। ਉਨ੍ਹਾਂ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਅਹਿਮ ਮੀਟਿੰਗ ਕੀਤੀ। ਇਸ ਬੈਠਕ ਦੌਰਾਨ ਭਾਰਤ ਅਤੇ ਰੂਸ ਦੇ ਸੰਸਦੀ ਵਫ਼ਦਾਂ ਨੇ ਕੌਮਾਂਤਰੀ ਮੰਚਾਂ ’ਤੇ ਆਪਸੀ ਸਹਿਯੋਗ ਵਧਾਉਣ ਦੀ ਲੋੜ ’ਤੇ ਜ਼ੋਰ ਦਿੱਤਾ।
ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਨੇ ਅੱਤਵਾਦ ਨਾਲ ਨਜਿੱਠਣ ਲਈ ਮਿਲ ਕੇ ਯਤਨ ਕਰਨ ਦੀ ਮਹੱਤਤਾ ’ਤੇ ਵੀ ਚਰਚਾ ਕੀਤੀ। ਇਸ ਫੋਰਮ ਨੂੰ ਬ੍ਰਿਕਸ ਦੇਸ਼ਾਂ ਵਿਚਾਲੇ ਸੰਸਦੀ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸਾਂਝੀਆਂ ਚੁਣੌਤੀਆਂ ’ਤੇ ਵਿਚਾਰ ਸਾਂਝੇ ਕਰਨ ਲਈ ਅਹਿਮ ਮੰਚ ਵਜੋਂ ਦੇਖਿਆ ਜਾ ਰਿਹਾ ਹੈ।







