ਵਿਦਿਆ ਦਾ ਲੰਗਰ ਸਿੱਖਿਆ ਅਭਿਆਨ ਤਹਿਤ ਲਾਇਆ ਦੋ ਦਿਨਾਂ ਕੈਂਪ
ਮੋਹਾਲੀ, 26 ਅਕਤੂਬਰ 2026
ਸਾਹਿਬਜ਼ਾਦਾ ਅਜੀਤ ਸਿੰਘ ਚੈਰੀਟੇਬਲ ਟਰੱਸਟ, ਮੋਹਾਲੀ ਵੱਲੋਂ ਚਲਾਏ ਜਾ ਰਹੇ “ਵਿਦਿਆ ਦਾ ਲੰਗਰ” ਸਿੱਖਿਆ ਅਭਿਆਨ ਤਹਿਤ, ਵਿਦਿਆਰਥੀਆਂ ਦੀ ਚਹੁੰਮੁਖੀ ਸ਼ਖ਼ਸੀਅਤ ਉਸਾਰਨ ਦੇ ਮਨੋਰਥ ਨਾਲ ਦੋ ਦਿਨਾਂ ਕੈਂਪ 24 ਅਤੇ 25 ਅਕਤੂਬਰ 2026 ਨੂੰ ਗੁਰਦੁਆਰਾ ਸੱਚਾ ਧੰਨ ਸਾਹਿਬ, ਸੈਕਟਰ 60 ਵਿਖੇ ਲਗਾਇਆ ਗਿਆ।
ਟਰੱਸਟ ਦੇ ਚੇਅਰਮੈਨ ਬਲਬੀਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਆਰਥਿਕ ਤੌਰ ’ਤੇ ਕਮਜ਼ੋਰ, 70 ਤੋਂ ਵੱਧ ਸਕੂਲੀ ਬੱਚੇ-ਬੱਚੀਆਂ ਦੇ ਸਰਵਪੱਖੀ ਵਿਕਾਸ ਪੱਖੋਂ ਗੋਦ ਲਿਆ ਹੋਇਆ ਹੈ। ਇਹ ਬੱਚੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਮੋਹਾਲੀ, ਰੋਪੜ, ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅਤੇ ਹਰਿਆਣਾ ਦੇ ਜ਼ਿਲ੍ਹਾ ਕੁਰਕਸ਼ੇਤਰ ਅਤੇ ਅੰਬਾਲਾ ਦੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹ ਰਹੇ ਹਨ। ਇਹ ਕੈਂਪ ਹਰ ਸਾਲ ਅਕਤੂਬਰ ਅਤੇ ਅਪ੍ਰੈਲ ਦੇ ਮਹੀਨੇ ਵਿੱਚ ਲਗਾਇਆ ਜਾਂਦਾ ਹੈ।
ਟਰੱਸਟ ਦੇ ਜਨਰਲ ਸਕੱਤਰ ਭੁਪਿੰਦਰਪਾਲ ਸਿੰਘ ਆਨੰਦ ਨੇ ਦੱਸਿਆ ਕਿ ਕੈਂਪ ਦੇ ਪਹਿਲੇ ਦਿਨ 105 ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਮੈਡੀਕਲ ਜਾਂਚ ਲਈ ਖੂਨ ਦੇ ਨਮੂਨੇ ਇਕੱਠੇ ਕਰਕੇ ਟੈਸਟ ਕਰਨ ਲਈ ਪੈਥ ਲੈਬ ਭੇਜੇ ਗਏ। ਬੱਚਿਆਂ ਨੂੰ ਫਲ ਅਤੇ ਹੈਲਦੀ ਚਾਕਲੇਟਾਂ ਦਿੱਤੀਆਂ ਗਈਆਂ।
ਦੁਪਹਿਰ ਦੇ ਲੰਗਰ ਤੋਂ ਬਾਅਦ, ਇੱਕ-ਇੱਕ ਕਰਕੇ ਵਿਦਿਆਰਥੀ-ਮਾਪੇ-ਅਧਿਆਪਕ ਮਿਲਣੀਆਂ ਦਾ ਸਿਲਸਿਲਾ ਸ਼ਾਮ ਤੱਕ ਚਲਦਾ ਰਿਹਾ, ਜਿਸ ਵਿੱਚ ਬੱਚਿਆਂ ਦੀ ਪੜ੍ਹਾਈ, ਵਿਹਾਰ, ਕਾਰਗੁਜ਼ਾਰੀ ਅਤੇ ਸਰਵਪੱਖੀ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਕੈਂਪ ਦੇ ਪ੍ਰਬੰਧਕ ਪਰਮਜੀਤ ਸਿੰਘ ਜੀ ਨੇ ਦੱਸਿਆ ਕਿ ਸ਼ਾਮ ਚਾਰ ਵਜੇ ਤੱਕ ਖੂਨ ਜਾਂਚ ਦੀਆਂ ਰਿਪੋਰਟਾਂ ਮਿਲਦਿਆਂ ਹੀ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਸਾਹਿਬਾਨ ਨੇ ਇੱਕ-ਇੱਕ ਪ੍ਰਾਰਥੀ ਦੀ ਸਿਹਤ ਜਾਂਚ ਕਰਕੇ ਮਸ਼ਵਰੇ ਅਤੇ ਲੋੜ ਅਨੁਸਾਰ ਦਵਾਈਆਂ ਲੈਣ ਦੀ ਸਲਾਹ ਵੀ ਦਿੱਤੀ।
ਉਨ੍ਹਾਂ ਅੱਗੇ ਚੱਲ ਕੇ ਕਿਹਾ ਕਿ ਸ਼ਾਮ 7:00 ਵਜੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਗਿਆਨਵਰਧਕ ਅਤੇ ਸਿੱਖਿਆਦਾਇਕ ਵੀਡੀਓ ਦਿਖਾਈ ਗਈ, ਜਿਸ ਰਾਹੀਂ ਉਨ੍ਹਾਂ ਨੂੰ ਚੰਗੀਆਂ ਕਦਰਾਂ-ਕੀਮਤਾਂ, ਜਾਗਰੂਕਤਾ ਅਤੇ ਜੀਵਨ ਵਿੱਚ ਸਕਾਰਾਤਮਕ ਸੋਚ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੇ ਹੋਰ ਦੱਸਿਆ ਕਿ ਰਾਤ ਦੇ ਲੰਗਰ ਉਪਰੰਤ ਸਾਰਿਆਂ ਦੇ ਰੈਣ-ਬਸੇਰੇ ਦਾ ਪ੍ਰਬੰਧ ਗੁਰਦੁਆਰਾ ਸਾਹਿਬ ਵਿਖੇ ਹੀ ਕੀਤਾ ਗਿਆ।
ਕੈਂਪ ਦੇ ਨਿਰਦੇਸ਼ਕ ਪਰਮਦੀਪ ਸਿੰਘ ਆਨੰਦ ਨੇ ਦੱਸਿਆ ਕਿ ਦੂਜੇ ਦਿਨ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਮਾਪਿਆਂ ਨੂੰ ਸੁਚੇਤ ਪਾਲਣ-ਪੋਸ਼ਣ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਪੇਰੈਂਟਿੰਗ ਅਤੇ ਲਰਨਿੰਗ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਬੱਚਿਆਂ ਅਤੇ ਮਾਪਿਆਂ ਲਈ ਵੱਖ-ਵੱਖ ਉਮਰ ਵਰਗਾਂ ਅਨੁਸਾਰ ਵਿਸ਼ੇਸ਼ ਗਤੀਵਿਧੀਆਂ ਕਰਵਾਈਆਂ ਗਈਆਂ। ਇਨ੍ਹਾਂ ਵਿੱਚ ਭਾਵਨਾਵਾਂ ਨੂੰ ਸਮਝਣ ਅਤੇ ਸੰਭਾਲਣ, ਨਾਗਰਿਕ ਜ਼ਿੰਮੇਵਾਰੀਆਂ ਪ੍ਰਤੀ ਜਾਗਰੂਕਤਾ, ਰਚਨਾਤਮਕ ਸੋਚ ਅਤੇ ਸਮੱਸਿਆਵਾਂ ਦੇ ਹੱਲ ਲਈ ‘ਜੁਗਾੜ’ ਵਰਕਸ਼ਾਪ, ਆਤਮ-ਚਿੰਤਨ ਤੇ ਅਧਿਆਤਮਿਕ ਵਿਕਾਸ ਲਈ ‘ਆਤਮ ਪ੍ਰਗਾਸ਼’, ਸਾਊਂਡ ਹੀਲਿੰਗ ਅਤੇ ਵਿਚਾਰ-ਸਾਂਝ ਸਰਕਲ ਸ਼ਾਮਲ ਸਨ।
ਇਨ੍ਹਾਂ ਗਤੀਵਿਧੀਆਂ ਰਾਹੀਂ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਰਚਨਾਤਮਕਤਾ ਅਤੇ ਜੀਵਨ-ਜਾਚ ਦੇ ਹੁਨਰ ਵਿਕਸਿਤ ਕਰਨ ਦੇ ਨਾਲ-ਨਾਲ ਮਾਪਿਆਂ ਨੂੰ ਬੱਚਿਆਂ ਨਾਲ ਬਿਹਤਰ ਸੰਵਾਦ, ਭਾਵਨਾਤਮਕ ਸਾਂਝ ਅਤੇ ਸੁਚੇਤ ਪਾਲਣ-ਪੋਸ਼ਣ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਦੇ ਕੋਆਰਡੀਨੇਟਰ ਸਤਨਾਮ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।







