11 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਉਂਦੇ ਹੀ ਆਜ਼ਮ ਖ਼ਾਨ ਨੂੰ ED ਨੇ ਕੀਤਾ ਗ੍ਰਿਫ਼ਤਾਰ

Top Trending News ਰਾਸ਼ਟਰੀ
  • 11 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਉਂਦੇ ਹੀ ਆਜ਼ਮ ਖ਼ਾਨ ਨੂੰ ED ਨੇ ਕੀਤਾ ਗ੍ਰਿਫ਼ਤਾਰ

ਨਵੀਂ ਦਿੱਲੀ, 31 ਅਕਤੂਬਰ (ਦੇਸ਼ ਕਲਿੱਕ ਬਿਊਰੋ): ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖ਼ਾਨ ਨੂੰ 11 ਮਹੀਨਿਆਂ ਬਾਅਦ ਰਾਮਪੁਰ ਜੇਲ੍ਹ ਤੋਂ ਬਾਹਰ ਆਉਂਦੇ ਹੀ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਗ੍ਰਿਫ਼ਤਾਰ ਕਰ ਲਿਆ। ਉਹ ਆਪਣੇ ਪੁੱਤਰ ਅਬਦੁੱਲਾ ਆਜ਼ਮ ਨਾਲ ਜੇਲ੍ਹ ਤੋਂ ਬਾਹਰ ਆਏ ਸਨ। ED ਦੇ ਅਧਿਕਾਰੀਆਂ ਨੇ ਪਹਿਲਾਂ ਜੇਲ੍ਹ ਦੇ ਗੇਟ ’ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਅਤੇ ਫਿਰ ਆਪਣੀ ਗੱਡੀ ਵਿੱਚ ਬਿਠਾ ਕੇ ਲੈ ਗਏ। ਉਨ੍ਹਾਂ ਨੂੰ ਗਾਜ਼ੀਆਬਾਦ ਦੀ ਅਦਾਲਤ ਵਿੱਚ ਪੇਸ਼ ਕੀਤੇ ਜਾਣ ਦੀ ਤਿਆਰੀ ਹੈ।

ED ਦਾ ਦੋਸ਼ ਹੈ ਕਿ ਆਜ਼ਮ ਖ਼ਾਨ ਨੇ ਜੌਹਰ ਯੂਨੀਵਰਸਿਟੀ ਦੇ ਨਿਰਮਾਣ ਵਿੱਚ ਸਰਕਾਰੀ ਫੰਡਾਂ ਅਤੇ ਠੇਕਿਆਂ ਨਾਲ ਜੁੜੀ ਰਕਮ ਦੀ ਕਥਿਤ ਦੁਰਵਰਤੋਂ ਕੀਤੀ। ਏਜੰਸੀ ਯੂਨੀਵਰਸਿਟੀ ’ਤੇ ਹੋਏ 416.14 ਕਰੋੜ ਰੁਪਏ ਦੇ ਖ਼ਰਚ ਵਿੱਚ ਬੇਨਿਯਮੀਆਂ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਹੈ।

ਜੇਲ੍ਹ ਦੇ ਗੇਟ ’ਤੇ ED ਅਧਿਕਾਰੀਆਂ ਤੇ ਵਕੀਲਾਂ ਵਿਚਾਲੇ ਬਹਿਸ
ਆਜ਼ਮ ਖ਼ਾਨ ਦੀ ਰਿਹਾਈ ਤੋਂ ਪਹਿਲਾਂ ਹੀ ED ਦੀ ਇੱਕ ਟੀਮ ਜੇਲ੍ਹ ਅੰਦਰ ਪਹੁੰਚ ਗਈ ਸੀ। ਉਨ੍ਹਾਂ ਦੀ ਰਿਹਾਈ ਮੌਕੇ ਸੀਆਰਪੀਐੱਫ ਦੇ 24 ਜਵਾਨ ਵੀ ਤਾਇਨਾਤ ਸਨ। ਜੇਲ੍ਹ ਦੇ ਮੁੱਖ ਗੇਟ ’ਤੇ ਚਿੱਟੀ ਕਾਰ ਵਿੱਚ ਪਹੁੰਚੇ ED ਅਧਿਕਾਰੀਆਂ ਅਤੇ ਆਜ਼ਮ ਖ਼ਾਨ ਦੇ ਵਕੀਲਾਂ ਵਿਚਾਲੇ ਕਾਫ਼ੀ ਦੇਰ ਤੱਕ ਤਿੱਖੀ ਬਹਿਸ ਹੋਈ। ਅਧਿਕਾਰੀਆਂ ਨੇ ਆਜ਼ਮ ਖ਼ਾਨ ਤੋਂ ਵੀ ਸਵਾਲ ਕੀਤੇ, ਪਰ ਸਹਿਮਤੀ ਨਾ ਬਣਨ ’ਤੇ ਉਨ੍ਹਾਂ ਨੂੰ ਗੱਡੀ ਵਿੱਚ ਬਿਠਾ ਕੇ ਲੈ ਗਏ।

ਇਸ ਦੌਰਾਨ ਆਜ਼ਮ ਖ਼ਾਨ ਨੇ ਭਾਵੁਕ ਹੁੰਦਿਆਂ ਕਿਹਾ, “ਹੁਣ ਕਹਿਣ ਲਈ ਕੀ ਰਹਿ ਗਿਆ ਹੈ ? ਇਹ ਮੁਸਲਮਾਨ ਹੋਣ ਦੀ ਸਜ਼ਾ ਹੈ। ਗ਼ਲਤੀ ਇਹ ਹੈ ਕਿ ਇੱਕ ਮੁਸਲਮਾਨ ਨੇ ਯੂਨੀਵਰਸਿਟੀ ਬਣਾਈ। ਇਹ ਸਾਡਾ ਗੁਨਾਹ ਹੈ।” ਦੂਜੇ ਪਾਸੇ, ਰਿਹਾਈ ਤੋਂ ਬਾਅਦ ਉਨ੍ਹਾਂ ਦਾ ਪੁੱਤਰ ਅਬਦੁੱਲਾ ਆਜ਼ਮ ਘਰ ਚਲਾ ਗਿਆ।

29 ਅਕਤੂਬਰ ਨੂੰ ਮਿਲੀ ਸੀ ਜ਼ਮਾਨਤ
ਜ਼ਿਕਰਯੋਗ ਹੈ ਕਿ 29 ਅਕਤੂਬਰ ਨੂੰ ਇਲਾਹਾਬਾਦ ਹਾਈ ਕੋਰਟ ਨੇ ਦੋ ਪੈਨ ਕਾਰਡਾਂ ਨਾਲ ਸਬੰਧਤ ਮਾਮਲੇ ਵਿੱਚ ਆਜ਼ਮ ਖ਼ਾਨ ਅਤੇ ਅਬਦੁੱਲਾ ਆਜ਼ਮ ਦੀ 10 ਸਾਲ ਦੀ ਸਜ਼ਾ ਮੁਅੱਤਲ ਕਰਦਿਆਂ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਸੀ। ਇਸ ਤੋਂ ਬਾਅਦ ਆਜ਼ਮ ਖ਼ਾਨ ਦੀ ਜੇਲ੍ਹ ਤੋਂ ਰਿਹਾਈ ਹੋਈ ਸੀ, ਪਰ ਹੁਣ ਜੇਲ੍ਹ ਦੇ ਗੇਟ ਤੋਂ ਹੀ ED ਦੀ ਕਾਰਵਾਈ ਕਾਰਨ ਉਹ ਮੁੜ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਰਹੇ ਹਨ।