- ਪੰਜਾਬ ਵਿੱਚ ਚੱਲਦੀ ਟ੍ਰੇਨ ਨੂੰ ਲੱਗੀ ਅੱਗ, 4 ਡੱਬੇ ਸੜੇ: ਯਾਤਰੀਆਂ ਨੇ ਜਾਨ ਬਚਾਉਣ ਲਈ ਟ੍ਰੇਨ ਤੋਂ ਮਾਰੀਆਂ ਛਾਲਾਂ
ਫਤਿਹਗੜ੍ਹ ਸਾਹਿਬ, 6 ਨਵੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਵਿੱਚ ਸ਼ੁੱਕਰਵਾਰ ਦੁਪਹਿਰ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ। ਅੰਮ੍ਰਿਤਸਰ ਤੋਂ ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਜਾ ਰਹੀ ਕਰਮਭੂਮੀ ਐਕਸਪ੍ਰੈੱਸ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਜਣ ਦੇ ਨਾਲ ਲੱਗੇ ਜਨਰਲ ਡੱਬੇ ਵਿੱਚ ਭੜਕੀ ਅਤੇ ਦੇਖਦੇ ਹੀ ਦੇਖਦੇ ਟ੍ਰੇਨ ਦੇ ਚਾਰ ਜਨਰਲ ਕੋਚ ਇਸ ਦੀ ਲਪੇਟ ਵਿੱਚ ਆ ਗਏ।
ਅੱਗ ਲੱਗਣ ਸਮੇਂ ਡੱਬਿਆਂ ਵਿੱਚ ਯਾਤਰੀ ਸਵਾਰ ਸਨ, ਜਿਸ ਕਾਰਨ ਉਨ੍ਹਾਂ ਵਿੱਚ ਚੀਕ-ਚਿਹਾੜਾ ਅਤੇ ਹਫੜਾ-ਦਫੜੀ ਮਚ ਗਈ। ਟ੍ਰੇਨ ਰੁਕਦੇ ਹੀ ਯਾਤਰੀ ਆਪਣੀ ਜਾਨ ਬਚਾਉਣ ਲਈ ਹੇਠਾਂ ਉਤਰ ਕੇ ਖੇਤਾਂ ਵੱਲ ਭੱਜਣ ਲੱਗੇ। ਇਸ ਦੌਰਾਨ ਕਈ ਯਾਤਰੀਆਂ ਨੇ ਟ੍ਰੇਨ ਤੋਂ ਛਾਲਾਂ ਵੀ ਮਾਰੀਆਂ।
ਇਹ ਘਟਨਾ ਫਤਿਹਗੜ੍ਹ ਸਾਹਿਬ ਦੇ ਸਾਧੂਗੜ੍ਹ ਅਤੇ ਪਟਿਆਲਾ ਦੇ ਸਰਾਏ ਬੰਜਾਰਾ ਰੇਲਵੇ ਸਟੇਸ਼ਨਾਂ ਵਿਚਕਾਰ ਵਾਪਰੀ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪ੍ਰਸ਼ਾਸਨ, ਫਾਇਰ ਬ੍ਰਿਗੇਡ ਅਤੇ ਰਾਹਤ ਟੀਮਾਂ ਨੂੰ ਅਲਰਟ ਕਰ ਦਿੱਤਾ ਗਿਆ। ਰੇਲਵੇ ਅਨੁਸਾਰ, ਟ੍ਰੇਨ ਨੰਬਰ 12508 ਕਰਮਭੂਮੀ ਐਕਸਪ੍ਰੈੱਸ ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਜਾ ਰਹੀ ਸੀ। ਹਾਦਸਾ ਦੁਪਹਿਰ ਕਰੀਬ 1 ਵੱਜ ਕੇ 15 ਮਿੰਟ ‘ਤੇ ਵਾਪਰਿਆ।
ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਮੁਤਾਬਕ, ਡੱਬੇ ਦੇ ਪੱਖੇ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ। ਟ੍ਰੇਨ ਵਿੱਚ ਕਰੀਬ 1500 ਯਾਤਰੀ ਸਵਾਰ ਸਨ। ਮੁੱਢਲੀ ਜਾਣਕਾਰੀ ਅਨੁਸਾਰ, ਇਸ ਘਟਨਾ ਵਿੱਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।




