SIR ਖ਼ਿਲਾਫ਼ ਅੱਜ ਫੇਰ ਪ੍ਰਦਰਸ਼ਨ ਕਰੇਗੀ ਕਾਕਰੋਚ ਜਨਤਾ ਪਾਰਟੀ!

Top Trending News ਰਾਸ਼ਟਰੀ

 

SIR ਖ਼ਿਲਾਫ਼ ਅੱਜ ਫੇਰ ਪ੍ਰਦਰਸ਼ਨ ਕਰੇਗੀ ਕਾਕਰੋਚ ਜਨਤਾ ਪਾਰਟੀ!

ਕੋਚੀ 7 ਨਵੰਬਰ 2026:

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਚੋਣ ਕਮਿਸ਼ਨ ਦੀ ਐੱਸਆਈਆਰ (SIR) ਪ੍ਰਕਿਰਿਆ ਖ਼ਿਲਾਫ਼ ਅੱਜ 7 ਨਵੰਬਰ ਨੂੰ ਕੇਰਲ ਦੇ ਕੋਚੀ ਵਿੱਚ ਵੱਡੇ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਪਾਰਟੀ ਵੱਲੋਂ ਇਸ ਪ੍ਰਦਰਸ਼ਨ ਨੂੰ ‘ਕੋਚੀ ’ਚ ਜੰਤਰ-ਮੰਤਰ’ ਦਾ ਨਾਂ ਦਿੱਤਾ ਗਿਆ ਹੈ। ਇਹ ਮੁਜ਼ਾਹਰਾ ਸ਼ਾਮ 4 ਵਜੇ ਕੋਚੀ ਦੇ ਰਾਜੇਂਦਰ ਮੈਦਾਨ ਵਿੱਚ ਹੋਵੇਗਾ। ਇਸ ਦੌਰਾਨ ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ, ਦੱਖਣੀ ਖੇਤਰ ਦੇ ਮੁਖੀ ਵਿਜੇ ਮੱਲਾਂਗੀ ਅਤੇ ਕੌਮੀ ਸਕੱਤਰ ਆਫਰੀਨ ਨਵਾਜ਼ ਸ਼ਾਮਲ ਹੋਣਗੇ।

ਦਿੱਲੀ ਵਿੱਚ ਪਾਰਟੀ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਸੀਜੇਪੀ ਦਾ ਇਹ ਪਹਿਲਾ ਵੱਡਾ ਵਿਰੋਧ ਪ੍ਰਦਰਸ਼ਨ ਹੈ। ਪਿਛਲੇ ਮਹੀਨੇ ਜੰਤਰ-ਮੰਤਰ ’ਤੇ ਬਿਨਾਂ ਮਨਜ਼ੂਰੀ ਪ੍ਰਦਰਸ਼ਨ ਕਰਨ ਜਾ ਰਹੇ ਅਭਿਜੀਤ ਦੀਪਕੇ, ਆਸ਼ੂਤੋਸ਼ ਰਾਂਕਾ ਅਤੇ ਸੌਰਵ ਦਾਸ ਸਮੇਤ ਕਈ ਆਗੂਆਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ।

ਇਸ ਤੋਂ ਬਾਅਦ ਸਰਕਾਰ ਨੇ ਜੰਤਰ-ਮੰਤਰ ਨੂੰ ਪ੍ਰਦਰਸ਼ਨ ਸਥਾਨਾਂ ਦੀ ਸੂਚੀ ਵਿੱਚੋਂ ਹਟਾ ਦਿੱਤਾ ਸੀ। ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਸੌਰਵ ਦਾਸ ਅਤੇ ਆਸ਼ੂਤੋਸ਼ ਰਾਂਕਾ ਉੱਥੇ ਪਹੁੰਚੇ ਅਤੇ ਤਿਰੰਗਾ ਲਹਿਰਾਇਆ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵੇਂ ਕਰੀਬ ਇੱਕ ਹਫ਼ਤਾ ਜੇਲ੍ਹ ਵਿੱਚ ਰਹੇ। ਬਾਅਦ ਵਿੱਚ ਸ਼ਰਤਾਂ ਤਹਿਤ ਰਿਹਾਈ ਮਿਲੀ। ਅਭਿਜੀਤ ਦੀਪਕੇ ਨੂੰ ਵੀ ਤਿਰੰਗਾ ਪ੍ਰੋਗਰਾਮ ਦੇ ਐਲਾਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਸੀਜੇਪੀ ਨੇ 1 ਨਵੰਬਰ ਨੂੰ ਦਿੱਲੀ ਵਿੱਚ ਹੋਏ ਵਿਰੋਧ ਮਾਰਚ ਦਾ ਸਮਰਥਨ ਕੀਤਾ ਸੀ, ਪਰ ਰਾਹੁਲ ਗਾਂਧੀ ਦੀ ਰੈਲੀ ਵਿੱਚ ਸ਼ਮੂਲੀਅਤ ਨਹੀਂ ਕੀਤੀ ਸੀ।