ਅਮਰੀਕਾ ਤੋਂ ਵੱਡੀ ਖ਼ਬਰ: ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਹੈਰੀ ਬਾਕਸਰ ਲਿਆ ਗਿਆ ਹਿਰਾਸਤ ’ਚ
ਨਵੀਂ ਦਿੱਲੀ, 7 ਨਵੰਬਰ 2026: ਹਰਿਆਣਾ ਦੇ ਮੋਸਟ ਵਾਂਟੇਡ ਗੈਂਗਸਟਰਾਂ ਵਿੱਚ ਸ਼ਾਮਲ ਹੈਰੀ ਬਾਕਸਰ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲਏ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ, ਹੈਰੀ ਬਾਕਸਰ ਲਾਰੈਂਸ ਬਿਸ਼ਨੋਈ ਗੈਂਗ ਦਾ ਕਰੀਬੀ ਸਾਥੀ ਹੈ ਅਤੇ ਕਥਿਤ ਤੌਰ ’ਤੇ ਵਿਦੇਸ਼ ਵਿੱਚ ਬੈਠ ਕੇ ਗੈਂਗ ਦੀਆਂ ਗਤੀਵਿਧੀਆਂ ਚਲਾ ਰਿਹਾ ਸੀ।
ਜਾਂਚ ਏਜੰਸੀਆਂ ਲਈ ਲੰਮੇ ਸਮੇਂ ਤੋਂ ਲੋੜੀਂਦਾ ਹੈਰੀ ਬਾਕਸਰ ਕਈ ਗੰਭੀਰ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਦੱਸਿਆ ਜਾਂਦਾ ਹੈ। ਉਸ ਨੇ ਮੁੰਬਈ ਵਿੱਚ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਦੀ ਰਿਹਾਇਸ਼ ਦੇ ਬਾਹਰ ਹੋਈ ਗੋਲੀਬਾਰੀ ਦੀ ਕਥਿਤ ਤੌਰ ’ਤੇ ਜ਼ਿੰਮੇਵਾਰੀ ਲਈ ਸੀ। ਇਸ ਘਟਨਾ ਤੋਂ ਬਾਅਦ ਉਸ ਵੱਲੋਂ ਸੋਸ਼ਲ ਮੀਡੀਆ ਪੋਸਟਾਂ ਅਤੇ ਆਡੀਓ ਸੰਦੇਸ਼ਾਂ ਰਾਹੀਂ ਬਾਲੀਵੁੱਡ ਦੀਆਂ ਕਈ ਹਸਤੀਆਂ ਨੂੰ ਧਮਕੀਆਂ ਦੇਣ ਦੇ ਮਾਮਲੇ ਵੀ ਸਾਹਮਣੇ ਆਏ ਸਨ।
ਹੈਰੀ ਬਾਕਸਰ ਖ਼ਿਲਾਫ਼ ਕਤਲ, ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਫਿਰੌਤੀ ਮੰਗਣ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ। ਉਸ ਦੀ ਅਮਰੀਕਾ ਵਿੱਚ ਹਿਰਾਸਤ ਨੂੰ ਗੈਂਗਸਟਰ ਨੈੱਟਵਰਕ ਖ਼ਿਲਾਫ਼ ਜਾਂਚ ਏਜੰਸੀਆਂ ਲਈ ਅਹਿਮ ਕਾਰਵਾਈ ਮੰਨਿਆ ਜਾ ਰਿਹਾ ਹੈ।




