ਅਮੂਲ ਤੇ ਮਦਰ ਡੇਅਰੀ ਤੋਂ ਬਾਅਦ ਹੁਣ ਵੇਰਕਾ ਨੇ ਵੀ ਵਧਾਏ ਦੁੱਧ ਦੇ ਰੇਟ

Top Trending News ਪੰਜਾਬ
  • ਅਮੂਲ ਤੇ ਮਦਰ ਡੇਅਰੀ ਤੋਂ ਬਾਅਦ ਹੁਣ ਵੇਰਕਾ ਨੇ ਵੀ ਵਧਾਏ ਦੁੱਧ ਦੇ ਰੇਟ
  • ਕੱਲ੍ਹ 13 ਨਵੰਬਰ ਤੋਂ ਨਵੀਆਂ ਕੀਮਤਾਂ ਹੋਣਗੀਆਂ ਲਾਗੂ

ਚੰਡੀਗੜ੍ਹ, 12 ਨਵੰਬਰ (ਦੇਸ਼ ਕਲਿੱਕ ਬਿਊਰੋ): ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਸਿਲਸਿਲਾ ਜਾਰੀ ਹੈ। ਅਮੂਲ ਅਤੇ ਮਦਰ ਡੇਅਰੀ ਤੋਂ ਬਾਅਦ ਹੁਣ ਪੰਜਾਬ ਦੇ ਪ੍ਰਮੁੱਖ ਡੇਅਰੀ ਬ੍ਰਾਂਡ ਵੇਰਕਾ ਨੇ ਵੀ ਦੁੱਧ ਮਹਿੰਗਾ ਕਰ ਦਿੱਤਾ ਹੈ। ਨਵੀਆਂ ਕੀਮਤਾਂ 13 ਨਵੰਬਰ 2026 ਦੀ ਸਵੇਰ ਤੋਂ ਲਾਗੂ ਹੋਣਗੀਆਂ। ਲੁਧਿਆਣਾ ਡਿਸਟ੍ਰਿਕਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਟਿਡ ਦੇ ਹੁਕਮਾਂ ਅਨੁਸਾਰ ਵੇਰਕਾ ਦੇ ਫੁੱਲ ਕਰੀਮ, ਸਟੈਂਡਰਡ ਅਤੇ ਡਬਲ ਟੋਨਡ ਦੁੱਧ ਦੇ ਪੈਕੇਟਾਂ ਦੀ ਕੀਮਤ ਵਿੱਚ 1 ਤੋਂ 8 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਮੂਲ ਅਤੇ ਮਦਰ ਡੇਅਰੀ ਨੇ ਵੀ 12 ਨਵੰਬਰ ਤੋਂ ਦੁੱਧ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਸੀ।

ਪੈਕੇਟ ’ਤੇ ਪੁਰਾਣੀ ਕੀਮਤ, ਗਾਹਕਾਂ ਤੋਂ ਵਸੂਲਿਆ ਜਾਵੇਗਾ ਨਵਾਂ ਰੇਟ
ਵੇਰਕਾ ਪ੍ਰਬੰਧਨ ਨੇ ਸਪੱਸ਼ਟ ਕੀਤਾ ਹੈ ਕਿ ਪੁਰਾਣੀ ਪੈਕੇਜਿੰਗ ਸਮੱਗਰੀ ਦਾ ਸਟਾਕ ਮੌਜੂਦ ਹੋਣ ਕਾਰਨ ਕੁਝ ਸਮੇਂ ਤੱਕ ਦੁੱਧ ਦੇ ਪੈਕੇਟਾਂ ’ਤੇ ਪੁਰਾਣੀਆਂ ਕੀਮਤਾਂ ਹੀ ਛਪੀਆਂ ਹੋ ਸਕਦੀਆਂ ਹਨ। ਹਾਲਾਂਕਿ, ਗਾਹਕਾਂ ਨੂੰ ਭੁਗਤਾਨ ਨਵੀਂ ਰੇਟ ਸੂਚੀ ਅਨੁਸਾਰ ਹੀ ਕਰਨਾ ਪਵੇਗਾ। ਇਸ ਸਬੰਧੀ ਸਾਰੇ ਡੀਲਰਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਆਪਣੀਆਂ ਦੁਕਾਨਾਂ ’ਤੇ ਨਵੀਂ ਰੇਟ ਲਿਸਟ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂ ਜੋ ਗਾਹਕਾਂ ਨੂੰ ਕੀਮਤਾਂ ਬਾਰੇ ਕੋਈ ਭੁਲੇਖਾ ਨਾ ਰਹੇ।

ਅਮੂਲ ਅਤੇ ਮਦਰ ਡੇਅਰੀ ਨੇ ਕਿਉਂ ਵਧਾਏ ਸਨ ਰੇਟ?
ਅਮੂਲ ਦੀ ਮੂਲ ਸੰਸਥਾ ਗੁਜਰਾਤ ਕੋਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਮੁਤਾਬਕ ਪਿਛਲੇ ਇੱਕ ਸਾਲ ਦੌਰਾਨ ਹਰੇ ਅਤੇ ਸੁੱਕੇ ਚਾਰੇ, ਮੱਕੀ ਅਤੇ ਪਸ਼ੂਆਂ ਦੀ ਖੁਰਾਕ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਪੈਕੇਜਿੰਗ ਸਮੱਗਰੀ ਅਤੇ ਈਂਧਨ ਮਹਿੰਗਾ ਹੋਣ ਕਾਰਨ ਆਵਾਜਾਈ ਤੇ ਸਪਲਾਈ ਦਾ ਖਰਚਾ ਵੀ ਵਧਿਆ ਹੈ।

ਸੰਸਥਾ ਅਨੁਸਾਰ, ਗਾਹਕ ਵੱਲੋਂ ਦੁੱਧ ਲਈ ਦਿੱਤੇ ਹਰ ਇੱਕ ਰੁਪਏ ਵਿੱਚੋਂ ਕਰੀਬ 80 ਪੈਸੇ ਦੁੱਧ ਉਤਪਾਦਕ ਕਿਸਾਨਾਂ ਨੂੰ ਮਿਲਦੇ ਹਨ। ਦੁੱਧ ਦੀ ਖਰੀਦ ਲਾਗਤ ਵਧਣ ਕਾਰਨ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਦਾ ਉਚਿਤ ਮੁੱਲ ਦੇਣ ਲਈ ਕੀਮਤਾਂ ਵਿੱਚ ਸੋਧ ਕੀਤੀ ਗਈ ਹੈ। ਮਦਰ ਡੇਅਰੀ ਨੇ ਵੀ ਇਸੇ ਤਰ੍ਹਾਂ ਲਾਗਤ ਵਧਣ ਨੂੰ ਕੀਮਤਾਂ ਵਿੱਚ ਵਾਧੇ ਦਾ ਕਾਰਨ ਦੱਸਿਆ ਸੀ।