Guru Gobind Singh Ji ਦੇ ਨਾਮ ਵਾਲੇ ਪੁਲ ਦਾ ਨਾਂ ਬਦਲਣ ’ਤੇ ਭੜਕੇ ਕੁਲਦੀਪ ਧਾਲੀਵਾਲ, ਜਥੇਦਾਰ ਨੂੰ ਕੀਤੀ ਕਾਰਵਾਈ ਦੀ ਅਪੀਲ
ਚੰਡੀਗੜ੍ਹ, 21 ਨਵੰਬਰ 2026: ਬਿਹਾਰ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Guru Gobind Singh Ji) ਦੇ ਨਾਮ ’ਤੇ ਬਣੇ ਪੁਲ ਦਾ ਨਾਮ ਬਦਲ ਕੇ ‘ਨਿਤੀਸ਼ ਸੇਤੂ’ ਰੱਖਣ ਦਾ ਮਾਮਲਾ ਗਰਮਾ ਗਿਆ ਹੈ। ਹਲਕਾ ਅਜਨਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਇਸ ਨੂੰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਕਰਾਰ ਦਿੱਤਾ ਹੈ।
ਧਾਲੀਵਾਲ ਅਨੁਸਾਰ ਸ੍ਰੀ ਪਟਨਾ ਸਾਹਿਬ ਦੇ ਨੇੜੇ ਕਰੀਬ 4300 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਏ 20 ਕਿਲੋਮੀਟਰ ਲੰਬੇ ਪੁਲ ਦਾ ਨਾਮ ਪਹਿਲਾਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ’ਤੇ ਰੱਖਿਆ ਗਿਆ ਸੀ, ਪਰ ਹੁਣ ਇਸ ਨੂੰ ਬਦਲ ਕੇ ਨਿਤੀਸ਼ ਸੇਤੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਸ੍ਰੀ ਪਟਨਾ ਸਾਹਿਬ ਨਾਲ ਡੂੰਘਾ ਇਤਿਹਾਸਕ ਅਤੇ ਧਾਰਮਿਕ ਨਾਤਾ ਹੈ। ਇਸ ਲਈ ਨਾਮ ਬਦਲਣ ਦਾ ਫ਼ੈਸਲਾ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਜੁੜਿਆ ਗੰਭੀਰ ਮਾਮਲਾ ਹੈ।
ਧਾਲੀਵਾਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕੀਤੀ ਕਿ ਬਿਹਾਰ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੂੰ ਤਲਬ ਕਰਕੇ ਇਸ ਮਾਮਲੇ ਵਿੱਚ ਜਵਾਬਦੇਹ ਬਣਾਇਆ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਬੇਅਦਬੀ ਸਬੰਧੀ ਕਾਰਵਾਈ ਕਰਨ ’ਤੇ ਵਿਚਾਰ ਕੀਤਾ ਜਾਵੇ। ਇਸ ਬਿਆਨ ਨਾਲ ਪੁਲ ਦੇ ਨਾਮਕਰਨ ਦਾ ਵਿਵਾਦ ਹੋਰ ਚਰਚਾ ਵਿੱਚ ਆ ਗਿਆ ਹੈ।





