- ਸਾਊਦੀ ਅਰਬ ਦੀ ਸੁਰੱਖਿਆ ਲਈ ਪਾਕਿਸਤਾਨ ਨੇ ਭੇਜੀ ਆਪਣੀ ਫ਼ੌਜ
- ਯਮਨ ਦੇ ਹੂਤੀ ਵਿਦਰੋਹੀਆਂ ਦੇ ਹਮਲਿਆਂ ਵਿਚਾਲੇ ਫ਼ੌਜੀ ਤਾਇਨਾਤੀ
- ਮੱਕਾ ਸਮਝੌਤੇ ਤਹਿਤ ਤਿੰਨਾਂ ਦੇਸ਼ਾਂ ’ਚੋਂ ਕਿਸੇ ਇੱਕ ’ਤੇ ਹਮਲਾ ਸਾਂਝਾ ਹਮਲਾ ਮੰਨਿਆ ਜਾਵੇਗਾ
ਨਵੀਂ ਦਿੱਲੀ, 29 ਨਵੰਬਰ (ਦੇਸ਼ ਕਲਿੱਕ ਬਿਊਰੋ): ਯਮਨ ਦੇ ਹੂਤੀ ਵਿਦਰੋਹੀਆਂ ਵੱਲੋਂ ਸਾਊਦੀ ਅਰਬ ’ਤੇ ਲਗਾਤਾਰ ਕੀਤੇ ਜਾ ਰਹੇ ਹਮਲਿਆਂ ਦੇ ਮੱਦੇਨਜ਼ਰ ਪਾਕਿਸਤਾਨ ਨੇ ਸਾਊਦੀ ਅਰਬ ਦੀ ਸੁਰੱਖਿਆ ਲਈ ਆਪਣੀ ਫ਼ੌਜ ਤਾਇਨਾਤ ਕੀਤੀ ਹੈ। ਇਸ ਤਾਇਨਾਤੀ ਦਾ ਮਕਸਦ ਸਾਊਦੀ ਅਰਬ ਦੀ ਰੱਖਿਆ ਸਮਰੱਥਾ ਨੂੰ ਮਜ਼ਬੂਤ ਕਰਨਾ ਦੱਸਿਆ ਜਾ ਰਿਹਾ ਹੈ। ਇਹ ਕਦਮ ਮੱਕਾ ਸਾਂਝੇ ਰੱਖਿਆ ਸਮਝੌਤੇ ਤਹਿਤ ਚੁੱਕਿਆ ਗਿਆ ਹੈ। ਜਾਣਕਾਰੀ ਅਨੁਸਾਰ 7 ਅਗਸਤ 2026 ਨੂੰ ਮੱਕਾ ਵਿੱਚ ਪਾਕਿਸਤਾਨ, ਸਾਊਦੀ ਅਰਬ ਅਤੇ ਤੁਰਕੀਏ ਵਿਚਾਲੇ ਇਸ ਸਮਝੌਤੇ ’ਤੇ ਦਸਤਖ਼ਤ ਹੋਏ ਸਨ। ਇਸ ਦੀਆਂ ਸ਼ਰਤਾਂ ਮੁਤਾਬਕ, ਤਿੰਨਾਂ ਵਿੱਚੋਂ ਕਿਸੇ ਇੱਕ ਦੇਸ਼ ’ਤੇ ਹਮਲੇ ਨੂੰ ਤਿੰਨਾਂ ਦੇਸ਼ਾਂ ’ਤੇ ਹਮਲਾ ਮੰਨਿਆ ਜਾਵੇਗਾ।
ਅਮਰੀਕੀ ਸੰਸਥਾ ACLED ਦੇ ਅੰਕੜਿਆਂ ਮੁਤਾਬਕ, ਪਿਛਲੇ ਪੰਜ ਮਹੀਨਿਆਂ ਦੌਰਾਨ ਹੂਤੀ ਵਿਦਰੋਹੀਆਂ ਨੇ ਸਾਊਦੀ ਅਰਬ ’ਤੇ 274 ਹਮਲੇ ਕੀਤੇ ਹਨ। ਇਨ੍ਹਾਂ ਵਿੱਚ ਰਿਆਦ ਹਵਾਈ ਅੱਡੇ ’ਤੇ ਹੋਇਆ ਹਮਲਾ ਵੀ ਸ਼ਾਮਲ ਹੈ, ਜਿਸ ਵਿੱਚ 13 ਲੋਕਾਂ ਦੀ ਮੌਤ ਅਤੇ 300 ਤੋਂ ਵੱਧ ਲੋਕ ਜ਼ਖ਼ਮੀ ਹੋਣ ਦਾ ਦਾਅਵਾ ਕੀਤਾ ਗਿਆ ਹੈ।
ਮੱਕਾ ਅਤੇ ਮਦੀਨਾ ਦੀ ਸੁਰੱਖਿਆ ਵਿੱਚ ਵੀ ਕਰੇਗਾ ਮਦਦ
ਪਾਕਿਸਤਾਨੀ ਫ਼ੌਜ ਦਾ ਕਹਿਣਾ ਹੈ ਕਿ ਸਾਊਦੀ ਅਰਬ ਦੀ ਸੁਰੱਖਿਆ ਕਰਨਾ ਦੋਵਾਂ ਦੇਸ਼ਾਂ ਵਿਚਾਲੇ ਪੁਰਾਣੇ ਰੱਖਿਆ ਸਮਝੌਤੇ ਦਾ ਹਿੱਸਾ ਹੈ। ਪਾਕਿਸਤਾਨ ਦੀ ਫ਼ੌਜ ਮੱਕਾ ਅਤੇ ਮਦੀਨਾ ਸਥਿਤ ਦੋ ਪਵਿੱਤਰ ਮਸਜਿਦਾਂ ਦੀ ਸੁਰੱਖਿਆ ਵਿੱਚ ਵੀ ਸਹਾਇਤਾ ਕਰੇਗੀ। ਪਾਕਿਸਤਾਨ ਅਨੁਸਾਰ, ਉਸ ਦੀ ਫ਼ੌਜ ਦੀ ਤਾਇਨਾਤੀ ਨਾਲ ਸਾਊਦੀ ਅਰਬ ਦੀ ਸੁਰੱਖਿਆ ਹੋਰ ਮਜ਼ਬੂਤ ਹੋਵੇਗੀ। ਉੱਧਰ, ਸਾਊਦੀ ਅਰਬ ਨੇ ਹੂਤੀ ਵਿਦਰੋਹੀਆਂ ’ਤੇ ਮੱਕਾ ਅਤੇ ਮਦੀਨਾ ਵੱਲ ਮਿਜ਼ਾਈਲਾਂ ਦਾਗਣ ਦੇ ਦੋਸ਼ ਲਗਾਏ ਹਨ, ਹਾਲਾਂਕਿ ਹੂਤੀਆਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ।
2015 ਵਿੱਚ ਸਾਊਦੀ ਅਰਬ ਨੇ ਸ਼ੁਰੂ ਕੀਤੀ ਸੀ ਫ਼ੌਜੀ ਕਾਰਵਾਈ
ਯਮਨ ਵਿੱਚ ਸੰਘਰਸ਼ ਦੀ ਸ਼ੁਰੂਆਤ 2014 ਵਿੱਚ ਹੋਈ ਸੀ, ਜਦੋਂ ਹੂਤੀ ਵਿਦਰੋਹੀਆਂ ਨੇ ਦੇਸ਼ ਦੀ ਰਾਜਧਾਨੀ ਸਨਾ ’ਤੇ ਕਬਜ਼ਾ ਕਰ ਲਿਆ ਸੀ। ਇਸ ਤੋਂ ਬਾਅਦ ਦੇਸ਼ ਵਿੱਚ ਘਰੇਲੂ ਜੰਗ ਸ਼ੁਰੂ ਹੋ ਗਈ। ਇਸ ਘਟਨਾਕ੍ਰਮ ਨੇ ਗੁਆਂਢੀ ਦੇਸ਼ ਸਾਊਦੀ ਅਰਬ ਦੀ ਚਿੰਤਾ ਵਧਾ ਦਿੱਤੀ ਸੀ। ਉਸ ਨੂੰ ਖ਼ਦਸ਼ਾ ਸੀ ਕਿ ਈਰਾਨ ਦੀ ਹਮਾਇਤ ਪ੍ਰਾਪਤ ਹੂਤੀ ਵਿਦਰੋਹੀ ਉਸ ਦੀ ਸਰਹੱਦ ਤੱਕ ਆਪਣਾ ਪ੍ਰਭਾਵ ਵਧਾ ਸਕਦੇ ਹਨ। ਇਸ ਦੇ ਜਵਾਬ ਵਿੱਚ ਸਾਊਦੀ ਅਰਬ ਨੇ 2015 ਵਿੱਚ ਕਈ ਅਰਬ ਦੇਸ਼ਾਂ ਨਾਲ ਮਿਲ ਕੇ ਫ਼ੌਜੀ ਗਠਜੋੜ ਬਣਾਇਆ ਅਤੇ ਹੂਤੀਆਂ ਵਿਰੁੱਧ ਹਵਾਈ ਹਮਲੇ ਸ਼ੁਰੂ ਕਰ ਦਿੱਤੇ। ਕਰੀਬ ਅੱਠ ਸਾਲ ਤੱਕ ਚੱਲੇ ਸੰਘਰਸ਼ ਦੇ ਬਾਵਜੂਦ ਹੂਤੀਆਂ ਨੂੰ ਹਰਾਇਆ ਨਹੀਂ ਜਾ ਸਕਿਆ। ਇਸ ਤੋਂ ਬਾਅਦ ਸਾਊਦੀ ਅਰਬ ਨੇ ਗੱਲਬਾਤ ਦਾ ਰਾਹ ਅਪਣਾਇਆ।
ਜੁਲਾਈ ਤੋਂ ਮੁੜ ਵਧਿਆ ਟਕਰਾਅ
2022 ਵਿੱਚ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਨਾਲ ਹੋਈ ਜੰਗਬੰਦੀ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਤਣਾਅ ਕੁਝ ਘੱਟ ਹੋ ਗਿਆ ਸੀ, ਪਰ ਜੁਲਾਈ ਤੋਂ ਸਾਊਦੀ ਗਠਜੋੜ ਅਤੇ ਹੂਤੀ ਵਿਦਰੋਹੀਆਂ ਵਿਚਾਲੇ ਮੁੜ ਸੰਘਰਸ਼ ਤੇਜ਼ ਹੋ ਗਿਆ। ਦਾਅਵਿਆਂ ਮੁਤਾਬਕ, ਹੂਤੀਆਂ ਦੇ ਹਮਲੇ ਹੁਣ ਯਮਨ ਦੀ ਸਰਹੱਦ ਤੋਂ ਅੱਗੇ ਰਿਆਦ ਤੱਕ ਪਹੁੰਚ ਗਏ ਹਨ। 10 ਅਕਤੂਬਰ ਨੂੰ ਰਿਆਦ ਦੇ ਕਿੰਗ ਖਾਲਿਦ ਹਵਾਈ ਅੱਡੇ ’ਤੇ ਹੋਏ ਹਮਲੇ ਵਿੱਚ 13 ਲੋਕਾਂ ਦੀ ਮੌਤ ਅਤੇ 300 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਮਹੀਨੇ ਰਿਆਦ ਦੇ ਵਿੱਤੀ ਜ਼ਿਲ੍ਹੇ ਅਤੇ ਸਾਊਦੀ ਅਰਾਮਕੋ ਦੀ ਇਮਾਰਤ ਨੂੰ ਵੀ ਨੁਕਸਾਨ ਪਹੁੰਚਣ ਦੀਆਂ ਰਿਪੋਰਟਾਂ ਹਨ। ਫਿਲਹਾਲ ਉੱਤਰੀ ਯਮਨ ਦੇ ਵੱਡੇ ਹਿੱਸੇ ’ਤੇ ਹੂਤੀ ਵਿਦਰੋਹੀਆਂ ਦਾ ਕਬਜ਼ਾ ਹੈ, ਜਦਕਿ ਦੱਖਣੀ ਹਿੱਸੇ ਵਿੱਚ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਸਰਕਾਰ ਦਾ ਕੰਟਰੋਲ ਹੈ, ਜਿਸ ਨੂੰ ਸਾਊਦੀ ਅਰਬ ਦੀ ਹਮਾਇਤ ਹਾਸਲ ਹੈ।





