- ਲੁਧਿਆਣਾ ’ਚ ਟਰੱਕ ਤੇ ਟੈਂਪੂ ਦੀ ਆਹਮੋ-ਸਾਹਮਣੇ ਟੱਕਰ, 3 ਦੀ ਮੌਤ
ਲੁਧਿਆਣਾ: 29 ਨਵੰਬਰ (ਦੇਸ਼ ਕਲਿੱਕ ਬਿਊਰੋ): ਲੁਧਿਆਣਾ ਦੇ ਥਾਣਾ ਲਾਡੋਵਾਲ ਅਧੀਨ ਆਉਂਦੇ ਹੰਬੜਾਂ ਰੋਡ ’ਤੇ ਐਤਵਾਰ ਸਵੇਰੇ ਟਰੱਕ ਅਤੇ ਤਿੰਨ ਪਹੀਆ ਟੈਂਪੂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਟੈਂਪੂ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 3-4 ਹੋਰ ਜ਼ਖ਼ਮੀ ਹੋ ਗਏ। ਹਾਦਸੇ ਸਮੇਂ ਟੈਂਪੂ ਵਿੱਚ ਡਰਾਈਵਰ ਸਮੇਤ 7-8 ਲੋਕ ਸਵਾਰ ਸਨ। ਹਾਦਸਾ 29 ਨਵੰਬਰ ਨੂੰ ਸਵੇਰੇ ਕਰੀਬ 9 ਵਜੇ ਹੰਬੜਾਂ ਤੋਂ ਮੁੱਲਾਂਪੁਰ ਜਾਣ ਵਾਲੀ ਸੜਕ ’ਤੇ ਵਾਪਰਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟੈਂਪੂ ਵਿੱਚ ਸਵਾਰ ਤਿੰਨ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਕੱਠੇ ਹੋਏ ਲੋਕਾਂ ਨੇ ਟੈਂਪੂ ਵਿੱਚੋਂ ਮ੍ਰਿਤਕਾਂ ਦੀਆਂ ਲਾਸ਼ਾਂ ਬਾਹਰ ਕੱਢੀਆਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਟਰੱਕ ਛੱਡ ਕੇ ਫ਼ਰਾਰ ਹੋਇਆ ਡਰਾਈਵਰ
ਥਾਣਾ ਲਾਡੋਵਾਲ ਦੇ ਐੱਸਐੱਚਓ ਹਰਦੀਪ ਸਿੰਘ ਨੇ ਦੱਸਿਆ ਕਿ ਟਰੱਕ ਅਤੇ ਟੈਂਪੂ ਦੀ ਸਿੱਧੀ ਟੱਕਰ ਹੋਈ ਹੈ। ਇਸ ਹਾਦਸੇ ਵਿੱਚ ਮਾਰੇ ਗਏ ਅਤੇ ਜ਼ਖ਼ਮੀ ਹੋਏ ਸਾਰੇ ਵਿਅਕਤੀ ਟੈਂਪੂ ਵਿੱਚ ਸਵਾਰ ਸਨ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਜ਼ਖ਼ਮੀਆਂ ਨੂੰ ਹੰਬੜਾਂ ਦੇ ਪਾਵਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਮ੍ਰਿਤਕਾਂ ਵਿੱਚੋਂ ਦੋ ਦੀ ਪਛਾਣ ਹੋ ਗਈ ਹੈ, ਜਦਕਿ ਤੀਜੇ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ।
ਮ੍ਰਿਤਕਾਂ ਵਿੱਚ ਟੈਂਪੂ ਚਾਲਕ ਵੀ ਸ਼ਾਮਲ
ਐੱਸਐੱਚਓ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ 55 ਸਾਲਾ ਸੁਰਿੰਦਰ ਕੌਰ ਅਤੇ ਟੈਂਪੂ ਚਾਲਕ ਜਸਵੀਰ ਸਿੰਘ ਸ਼ਾਮਲ ਹਨ। ਜਸਵੀਰ ਸਿੰਘ ਦੀ ਉਮਰ ਕਰੀਬ 45-46 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ ਅਤੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਚਚੇਰੇ ਭਰਾ ਨੇ ਦੱਸਿਆ- ਦੋ ਬੱਚਿਆਂ ਦਾ ਪਿਤਾ ਸੀ ਜਸਵੀਰ
ਮ੍ਰਿਤਕ ਟੈਂਪੂ ਚਾਲਕ ਜਸਵੀਰ ਸਿੰਘ ਦੇ ਚਚੇਰੇ ਭਰਾ ਜਗਰੂਪ ਸਿੰਘ ਨੇ ਦੱਸਿਆ ਕਿ ਜਸਵੀਰ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਬੱਚੇ ਹਨ। ਪਰਿਵਾਰ ਦੇ ਗੁਜ਼ਾਰੇ ਲਈ ਉਹ ਆਪਣਾ ਤਿੰਨ ਪਹੀਆ ਟੈਂਪੂ ਚਲਾਉਂਦਾ ਸੀ। ਜਗਰੂਪ ਸਿੰਘ ਮੁਤਾਬਕ, ਉਸ ਨੂੰ ਘਰੋਂ ਬੱਚਿਆਂ ਦਾ ਫੋਨ ਆਇਆ ਸੀ ਕਿ ਜਸਵੀਰ ਦਾ ਐਕਸੀਡੈਂਟ ਹੋ ਗਿਆ ਹੈ। ਪਹਿਲਾਂ ਉਸ ਨੂੰ ਦੱਸਿਆ ਗਿਆ ਕਿ ਹਾਦਸਾ ਜੇ.ਕੇ. ਹੋਟਲ ਨੇੜੇ ਵਾਪਰਿਆ ਹੈ, ਪਰ ਉੱਥੇ ਪਹੁੰਚਣ ’ਤੇ ਕੋਈ ਨਹੀਂ ਮਿਲਿਆ। ਬਾਅਦ ਵਿੱਚ ਪੁੱਤਰ ਨੇ ਫੋਨ ਕਰਕੇ ਪੈਟਰੋਲ ਪੰਪ ਨੇੜੇ ਹਾਦਸਾ ਹੋਣ ਦੀ ਜਾਣਕਾਰੀ ਦਿੱਤੀ। ਜਦੋਂ ਉਹ ਉੱਥੇ ਪਹੁੰਚਿਆ ਤਾਂ ਟਰੱਕ ਮੌਕੇ ’ਤੇ ਖੜ੍ਹਾ ਸੀ, ਪਰ ਉਸ ਦਾ ਡਰਾਈਵਰ ਫ਼ਰਾਰ ਹੋ ਚੁੱਕਾ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਫ਼ਰਾਰ ਟਰੱਕ ਚਾਲਕ ਦੀ ਭਾਲ ਜਾਰੀ ਹੈ।





