ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦੀ ਪੁਰਾਣੀ ਦੋਸਤੀ ’ਚ ਮੁੜ ਸੁਧਾਰ ਦੇ ਸੰਕੇਤ

Top Trending News ਮਨੋਰੰਜਨ
  • ਸ਼ੈਰੀ ਮਾਨ ਤੇ ਪਰਮੀਸ਼ ਵਰਮਾ ਦੀ ਪੁਰਾਣੀ ਦੋਸਤੀ ’ਚ ਮੁੜ ਸੁਧਾਰ ਦੇ ਸੰਕੇਤ
  • ਨਿਊ ਚੰਡੀਗੜ੍ਹ ਦੇ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨੇ ਦਿਖਾਈਆਂ ਪਰਮੀਸ਼ ਨਾਲ ਪੁਰਾਣੀਆਂ ਤਸਵੀਰਾਂ ਤੇ ਵੀਡੀਓਜ਼

ਚੰਡੀਗੜ੍ਹ: 29 ਨਵੰਬਰ (ਦੇਸ਼ ਕਲਿੱਕ ਬਿਊਰੋ): ਪੰਜਾਬੀ ਗਾਇਕ ਸ਼ੈਰੀ ਮਾਨ ਅਤੇ ਪਰਮੀਸ਼ ਵਰਮਾ ਵਿਚਾਲੇ ਪਿਛਲੇ ਕਰੀਬ ਪੰਜ ਸਾਲਾਂ ਤੋਂ ਚੱਲ ਰਹੀ ਨਾਰਾਜ਼ਗੀ ਹੁਣ ਘੱਟ ਹੁੰਦੀ ਦਿਖਾਈ ਦੇ ਰਹੀ ਹੈ। ਪਹਿਲਾਂ ਇੱਕ ਪੌਡਕਾਸਟ ਇੰਟਰਵਿਊ ਦੌਰਾਨ ਸ਼ੈਰੀ ਮਾਨ ਨੇ ਆਪਣੇ ਵਿਵਹਾਰ ’ਤੇ ਅਫ਼ਸੋਸ ਜਤਾਉਂਦਿਆਂ ਮੰਨਿਆ ਸੀ ਕਿ ਉਨ੍ਹਾਂ ਵੱਲੋਂ ਵੀ ਗੱਲ ਜ਼ਿਆਦਾ ਵਧ ਗਈ ਸੀ। ਹੁਣ ਨਿਊ ਚੰਡੀਗੜ੍ਹ ਵਿੱਚ ਹੋਏ ਲਾਈਵ ਸ਼ੋਅ ਦੌਰਾਨ ਉਨ੍ਹਾਂ ਨੇ ਪਰਮੀਸ਼ ਵਰਮਾ ਨਾਲ ਬਿਤਾਏ ਪੁਰਾਣੇ ਪਲਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਦਿਖਾਈਆਂ। ਇਸ ਨੂੰ ਦੋਵਾਂ ਵਿਚਾਲੇ ਰਿਸ਼ਤੇ ਸੁਧਰਨ ਵੱਲ ਇੱਕ ਹੋਰ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ, 28 ਨਵੰਬਰ ਨੂੰ ਨਿਊ ਚੰਡੀਗੜ੍ਹ ਦੇ ਓਮੈਕਸ ਵਰਲਡ ਸਟ੍ਰੀਟ ਵਿੱਚ ਸ਼ੈਰੀ ਮਾਨ ਦਾ ‘ਦੈਟ ਏਰਾ’ (That Era) ਟੂਰ ਤਹਿਤ ਲਾਈਵ ਸ਼ੋਅ ਹੋਇਆ। ਇਸ ਦੌਰਾਨ ਜਦੋਂ ਉਹ ਆਪਣੇ ਮਸ਼ਹੂਰ ਗੀਤ ‘ਯਾਰੀ’ ਦੀ ਪੇਸ਼ਕਾਰੀ ਕਰ ਰਹੇ ਸਨ ਤਾਂ ਸਟੇਜ ਪਿੱਛੇ ਲੱਗੀ ਐੱਲਈਡੀ ਸਕ੍ਰੀਨ ’ਤੇ ਪਰਮੀਸ਼ ਵਰਮਾ ਨਾਲ ਉਨ੍ਹਾਂ ਦੀਆਂ ਪੁਰਾਣੀਆਂ ਨਿੱਜੀ ਤਸਵੀਰਾਂ ਅਤੇ ਵੀਡੀਓ ਕਲਿੱਪ ਚਲਾਈਆਂ ਗਈਆਂ। ਇਨ੍ਹਾਂ ਵਿੱਚ ਦੋਵਾਂ ਦੇ ਸ਼ੁਰੂਆਤੀ ਸੰਘਰਸ਼ ਅਤੇ ਇਕੱਠੇ ਬਿਤਾਏ ਸਮੇਂ ਦੀਆਂ ਝਲਕੀਆਂ ਦਿਖਾਈਆਂ ਗਈਆਂ।

ਗੀਤ ਦੇ ਅਖੀਰ ਵਿੱਚ ਸਕ੍ਰੀਨ ’ਤੇ ਪਰਮੀਸ਼ ਵਰਮਾ ਦੀ ਇੱਕ ਵੱਡੀ ਤਸਵੀਰ ਵੀ ਦਿਖਾਈ ਗਈ। ਇਸ ਵਿੱਚ ਉਹ ਕਰੀਮ ਅਤੇ ਲਾਲ ਰੰਗ ਦੀ ਸ਼ੇਰਵਾਨੀ ਪਹਿਨੇ, ਗਲ ਵਿੱਚ ਫੁੱਲਾਂ ਦਾ ਹਾਰ ਪਾ ਕੇ ਹੱਥ ਹਿਲਾਉਂਦੇ ਨਜ਼ਰ ਆਏ। ਇਸੇ ਦੌਰਾਨ ਚਿੱਟੇ ਕੁੜਤੇ ਅਤੇ ਹਰੀ ਪੱਗ ਵਾਲੇ ਭੰਗੜਾ ਕਲਾਕਾਰ ਸਟੇਜ ’ਤੇ ਪਹੁੰਚੇ ਅਤੇ ਸ਼ੈਰੀ ਮਾਨ ਨਾਲ ਜਸ਼ਨ ਮਨਾਇਆ। ਇਹ ਪਲ ਦੇਖ ਕੇ ਉੱਥੇ ਮੌਜੂਦ ਕਈ ਪ੍ਰਸ਼ੰਸਕ ਵੀ ਭਾਵੁਕ ਹੋ ਗਏ।

ਮੋਬਾਈਲ ਫੋਨ ਕਾਰਨ ਸ਼ੁਰੂ ਹੋਇਆ ਸੀ ਵਿਵਾਦ
ਦੋਵਾਂ ਗਾਇਕਾਂ ਵਿਚਾਲੇ ਮਤਭੇਦ ਦੀ ਸ਼ੁਰੂਆਤ ਕੈਨੇਡਾ ਵਿੱਚ ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦੇ ਵਿਆਹ ਸਮਾਗਮ ਦੌਰਾਨ ਹੋਈ ਸੀ। ਵਿਆਹ ਵਿੱਚ ਨਿੱਜਤਾ ਬਣਾਈ ਰੱਖਣ ਲਈ ਮਹਿਮਾਨਾਂ ਦੇ ਮੋਬਾਈਲ ਫੋਨ ਜਮ੍ਹਾਂ ਕਰਵਾ ਲਏ ਗਏ ਸਨ। ਸ਼ੈਰੀ ਮਾਨ ਨੂੰ ਇਹ ਗੱਲ ਪਸੰਦ ਨਹੀਂ ਆਈ। ਇਸ ਤੋਂ ਇਲਾਵਾ ਵਿਆਹ ਦੀਆਂ ਰਸਮਾਂ ਵਿੱਚ ਰੁੱਝੇ ਹੋਣ ਕਾਰਨ ਪਰਮੀਸ਼ ਉਨ੍ਹਾਂ ਨੂੰ ਸਮਾਂ ਵੀ ਨਹੀਂ ਦੇ ਸਕੇ। ਸਮਾਗਮ ਤੋਂ ਵਾਪਸ ਆਉਣ ਮਗਰੋਂ ਸ਼ੈਰੀ ਮਾਨ ਨੇ ਇੰਸਟਾਗ੍ਰਾਮ ਲਾਈਵ ਕਰਕੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਪਰਮੀਸ਼ ਖ਼ਿਲਾਫ਼ ਇਤਰਾਜ਼ਯੋਗ ਸ਼ਬਦ ਵੀ ਵਰਤੇ ਸਨ।

ਸੋਸ਼ਲ ਮੀਡੀਆ ’ਤੇ ਵੀ ਹੋਈ ਸੀ ਤਿੱਖੀ ਬਿਆਨਬਾਜ਼ੀ
ਕਰੀਬ ਇੱਕ ਸਾਲ ਬਾਅਦ ਸ਼ੈਰੀ ਮਾਨ ਨੇ ਮੁੜ ਸ਼ਰਾਬ ਦੇ ਨਸ਼ੇ ਵਿੱਚ ਇੰਸਟਾਗ੍ਰਾਮ ਲਾਈਵ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪਰਮੀਸ਼ ਵਰਮਾ ਨੂੰ ਭਾਰਤ ਆ ਕੇ ਮਿਲਣ ਦੀ ਚੁਣੌਤੀ ਦਿੱਤੀ ਅਤੇ ਉਨ੍ਹਾਂ ਖ਼ਿਲਾਫ਼ ਅਪਸ਼ਬਦ ਬੋਲੇ। ਇਸ ਦੇ ਜਵਾਬ ਵਿੱਚ ਪਰਮੀਸ਼ ਨੇ ਬਿਨਾਂ ਨਾਂ ਲਏ ਸੋਸ਼ਲ ਮੀਡੀਆ ਸਟੋਰੀ ਰਾਹੀਂ ਤਨਜ਼ ਕੱਸਿਆ ਸੀ। ਉਨ੍ਹਾਂ ਲਿਖਿਆ ਸੀ, “ਬਹੁਤ ਕਲਾਕਾਰ G.O.A.T ਬਣਦੇ ਦੇਖੇ ਸਨ, ਇਹ ਪਹਿਲਾ ਹੈ ਜੋ ਗਧਾ ਬਣਦਾ ਦੇਖਿਆ।” ਹਾਲਾਂਕਿ, ਕੁਝ ਦਿਨਾਂ ਬਾਅਦ ਸ਼ੈਰੀ ਮਾਨ ਨੇ ਇੱਕ ਭਾਵੁਕ ਨੋਟ ਸਾਂਝਾ ਕਰਕੇ ਆਪਣੇ ਵਿਵਹਾਰ ’ਤੇ ਅਫ਼ਸੋਸ ਜਤਾਇਆ ਸੀ।

ਪੌਡਕਾਸਟ ’ਚ ਮੰਨਿਆ-ਮੇਰੇ ਵੱਲੋਂ ਵੀ ਗੱਲ ਵਧ ਗਈ ਸੀ
ਹਾਲ ਹੀ ਵਿੱਚ ਇੱਕ ਪੌਡਕਾਸਟ ਇੰਟਰਵਿਊ ਦੌਰਾਨ ਸ਼ੈਰੀ ਮਾਨ ਨੇ ਪਹਿਲੀ ਵਾਰ ਖੁੱਲ੍ਹ ਕੇ ਇਸ ਵਿਵਾਦ ਬਾਰੇ ਗੱਲ ਕੀਤੀ ਸੀ। ਉਨ੍ਹਾਂ ਮੰਨਿਆ ਸੀ ਕਿ ਉਸ ਸਮੇਂ ਉਨ੍ਹਾਂ ਵੱਲੋਂ ਵੀ ਗੱਲ ਹੱਦ ਤੋਂ ਵੱਧ ਵਧਾ ਦਿੱਤੀ ਗਈ ਸੀ। ਸ਼ੈਰੀ ਮਾਨ ਨੇ ਕਿਹਾ ਸੀ, “ਮੇਰੀ ਤਰਫ਼ੋਂ ਵੀ ਓਵਰ ਹੋ ਗਿਆ ਸੀ।” ਹੁਣ ਲਾਈਵ ਸ਼ੋਅ ਦੌਰਾਨ ਪਰਮੀਸ਼ ਵਰਮਾ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਕੇ ਸ਼ੈਰੀ ਮਾਨ ਨੇ ਇੱਕ ਵਾਰ ਫਿਰ ਦੋਵਾਂ ਵਿਚਾਲੇ ਰਿਸ਼ਤੇ ਸੁਧਰਨ ਦੀਆਂ ਉਮੀਦਾਂ ਜਗਾਈਆਂ ਹਨ। ਹਾਲਾਂਕਿ, ਦੋਵਾਂ ਵੱਲੋਂ ਅਜੇ ਤੱਕ ਕਿਸੇ ਅਧਿਕਾਰਤ ਸੁਲ੍ਹਾ ਦਾ ਐਲਾਨ ਨਹੀਂ ਕੀਤਾ ਗਿਆ।