ਆੜਤੀਆਂ ਦੀ ਹੜਤਾਲ ਕਾਰਨ  ਮੋਰਿੰਡਾ ਦੀ  ਦਾਣਾ ਮੰਡੀ ਵਿੱਚ ਨਹੀਂ ਹੋ ਸਕੀ ਝੋਨੇ ਦੀ ਖਰੀਦ ਸ਼ੁਰੂ

ਪੰਜਾਬ

ਮੋਰਿੰਡਾ 02 ਅਕਤੂਬਰ ( ਭਟੋਆ )

ਪੰਜਾਬ ਸਰਕਾਰ ਵੱਲੋਂ ਭਾਵੇਂ 01 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪ੍ਰੰਤੂ ਆੜਤੀ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਹੜਤਾਲ ਕਾਰਨ ਖਰੀਦ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਅਤੇ ਨਾ ਹੀ ਕੋਈ ਕਿਸਾਨ ਦਾਣਾ ਮੰਡੀ ਵਿੱਚ ਆਪਣੀ ਫਸਲ ਲੈ ਕੇ ਆਇਆ ਹੈ । ਜਿਸ ਕਾਰਨ ਮੋਰਿੰਡਾ ਦੀ ਦਾਣਾ ਮੰਡੀ ਸੁੰਨਸਾਨ ਪਈ ਹੈ ਅਤੇ ਭਾਂ ਭਾਂ ਕਰ ਰਹੀ ਹੈ। ਇਸ ਸਬੰਧੀ ਗੱਲ ਕਰਦਿਆਂ ਆੜਤੀ ਐਸੋਸੀਏਸ਼ਨ ਮੋਰਿੰਡਾ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਸਮੁੱਚੇ ਆੜਤੀਆਂ ਵੱਲੋਂ ਪੰਜਾਬ ਸਰਕਾਰ ਕੋਲੋਂ ਹਰਿਆਣਾ ਪੈਟਰਨ ਤੇ ਆੜਤੀਆਂ ਦਾ ਕਮਿਸ਼ਨ ਵਧਾਉਣ,  ਪਿਛਲੇ ਸਮੇਂ ਦੌਰਾਨ ਈਪੀਐਫ ਦੇ ਰੋਕੇ ਗਏ 50 ਕਰੋੜ ਰੁਪਏ ਦਿਵਾਉਣ ਅਤੇ ਲੇਬਰ ਚਾਰਜਿਜ ਵਧਾਉਣ ਤੇ ਖਰੀਦ ਕੀਤੀ ਜਾਣ ਵਾਲੀ ਝੋਨੇ ਦੀ ਫਸਲ ਦੀ ਸਟੋਰੇਜ ਨੂੰ ਲੈ ਕੇ ਹੜਤਾਲ ਕੀਤੀ ਗਈ ਹੈ ਪ੍ਰੰਤੂ  ਪੰਜਾਬ ਸਰਕਾਰ ਆੜਤੀਆਂ ਦੀਆਂ ਇਹਨਾਂ ਮੰਗਾਂ ਸਬੰਧੀ ਗੰਭੀਰ ਨਹੀਂ ਹੈ। ਉਹਨਾਂ ਦਾ ਦੱਸਿਆ ਕਿ ਆੜਤੀ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਦੀਆਂ ਸਰਕਾਰ ਦੇ ਮੰਤਰੀਆਂ ਅਤੇ ਉੱਚ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਚੱਲਣ ਦੇ ਬਾਵਜੂਦ ਵੀ ਇਹ ਮਸਲਾ ਹੱਲ ਨਹੀਂ ਹੋ ਸਕਿਆ, ਜਿਸ ਦਾ ਖਮਿਆਜਾ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜਿੰਨਾ ਚਿਰ ਪੰਜਾਬ ਸਰਕਾਰ ਆੜਤੀਆਂ ਦੀਆਂ ਮੰਗਾਂ ਨਹੀਂ ਮੰਨਦੀ ਅਤੇ ਝੋਨੇ ਦੀ ਸਟੋਰੇਜ ਦਾ ਯੋਗ ਪ੍ਰਬੰਧ ਨਹੀਂ ਕਰਦੀ, ਉਨਾ ਚਿਰ ਆੜਤੀਆਂ ਵੱਲੋਂ ਕੋਈ ਖਰੀਦ ਨਹੀਂ ਕੀਤੀ ਜਾਵੇਗੀ । ਉਧਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਚਲਾਕੀ ਨੇ ਕਿਹਾ ਕਿ ਸਰਕਾਰ ਦੀ ਕਿਸਾਨੀ ਪ੍ਰਤੀ ਗੰਭੀਰਤਾ ਤੇ ਸੰਜੀਦਗੀ ਇਸ ਗੱਲ ਤੋਂ ਨਜ਼ਰ ਪੈਂਦੀ ਹੈ ਕਿ ਸਰਕਾਰ ਨੇ ਝੋਨੇ ਦੇ ਕਟਾਈ ਸੀਜਨ ਅਤੇ ਗੰਨਾ,  ਕਣਕ ਤੇ ਆਲੂ ਦੇ ਬਿਜਾਈ ਸੀਜਨ ਵਿੱਚ ਪੰਚਾਇਤੀ  ਚੋਣਾਂ ਕਰਵਾਉਣ ਦਾ ਬਿਗਲ ਵਜਾ ਦਿੱਤਾ ਹੈ । ਸ੍ਰੀ ਚਲਾਕੀ ਨੇ ਕਿਹਾ ਕਿ ਕਿਸਾਨ ਯੂਨੀਅਨ,  ਆੜਤੀਆਂ ਅਤੇ ਸ਼ੈਲਰ ਮਾਲਕਾਂ ਦੀਆਂ ਮੰਗਾਂ ਦਾ ਸਮਰਥਨ ਕਰਦੀ ਹੈ ਅਤੇ ਸਰਕਾਰ ਨੂੰ ਇਹਨਾਂ ਦਾ ਜਲਦੀ ਹੱਲ ਕਰਨਾ ਚਾਹੀਦਾ ਹੈ ਤਾਂ ਜੋ ਮੰਡੀਆਂ ਵਿੱਚ ਝੋਨੇ ਦੀ ਖਰੀਦ ਜਲਦ ਸ਼ੁਰੂ ਹੋ ਸਕੇ ।ਉਹਨਾਂ ਕਿਹਾ ਕਿ ਜੇਕਰ ਸਰਕਾਰ ਦੀ ਲਾਪਰਵਾਹੀ ਕਾਰਨ ਝੋਨੇ ਦੀ ਖਰੀਦ ਤੁਰੰਤ ਸ਼ੁਰੂ ਨਾ ਕੀਤੀ ਗਈ ਤਾਂ ਯੂਨੀਅਨ ਵੱਲੋਂ 05 ਅਕਤੂਬਰ ਨੂੰ ਮੋਰਿੰਡਾ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਇਸੇ ਦੌਰਾਨ ਅਕਾਲੀ ਦਲ ਦੀ ਪੀਏਸੀ ਦੇ ਮੈਂਬਰ ਜਗਪਾਲ ਸਿੰਘ ਜੌਲੀ  ,ਜਨਰਲ ਕੌਂਸਲ ਮੈਂਬਰ ਜਥੇਦਾਰ ਜਗਰਾਜ ਸਿੰਘ ਮਾਨਖੇੜੀ ,ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰ, ਯੂਥ ਆਗੂ ਦਵਿੰਦਰ ਸਿੰਘ ਮਝੈਲ ਅਤੇ ਮੋਨੂ ਖਾਨ ਨੇ ਦੱਸਿਆ ਕਿ ਭਾਵੇਂ ਮਾਰਕੀਟ ਕਮੇਟੀ ਮੋਰਿੰਡਾ ਦੇ ਅਧਿਕਾਰੀਆਂ ਵੱਲੋਂ ਖਰੀਦ ਪ੍ਰਬੰਧ ਮੁਕੰਮਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਪ੍ਰੰਤੂ ਮੰਡੀ ਵਿੱਚ ਨਾ ਕਿਸਾਨਾਂ ਦੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਨਾ ਸਫਾਈ ਅਤੇ ਨਾ ਹੀ ਰਾਤ ਸਮੇਂ ਕੋਈ ਲਾਈਟ ਜਗਦੀ ਹੈ।

ਇਸ ਸਬੰਧੀ ਸੰਪਰਕ ਕਰਨ ਤੇ ਮਾਰਕੀਟ ਕਮੇਟੀ ਦੇ ਸਕੱਤਰ ਰਵਿੰਦਰ ਸਿੰਘ ਨੇ ਕਿਹਾ ਕਿ ਕਮੇਟੀ ਵੱਲੋਂ ਕਿਸਾਨਾਂ ਨੂੰ ਮੰਡੀ ਵਿੱਚ ਫਸਲ ਲਿਆਉਣ ਸਮੇਂ ਹਰ ਤਰ੍ਹਾਂ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣ ਦਿੱਤੀ ਜਾਵੇਗੀ ਉਹਨਾਂ ਦੱਸਿਆ ਕਿ ਹਾਲੇ ਤੱਕ ਮੋਰਿੰਡਾ ਦੀ ਦਾਣਾ ਮੰਡੀ ਵਿੱਚ ਕੋਈ ਵੀ ਕਿਸਾਨ ਝੋਨੇ ਦੀ ਫਸਲ ਲੈ ਕੇ ਨਹੀਂ ਆਇਆ ਅਤੇ ਨਾ ਹੀ ਆੜਤੀਆਂ ਵੱਲੋਂ ਹੜਤਾਲ ਸਮਾਪਤ ਕੀਤੀ ਗਈ ਹੈ।

Leave a Reply

Your email address will not be published. Required fields are marked *