ਮੋਰਿੰਡਾ: 11 ਨਵੰਬਰ , ਭਟੋਆ
ਮੋਰਿੰਡਾ ਪੁਲਿਸ ਨੇ ਮੋਰਿੰਡਾ ਚੁੰਨੀ ਰੋਡ ਤੇ ਸਥਿਤ ਸੰਤ ਨਗਰ ਦੇ ਇੱਕ ਕਬਾੜੀਏ ਵੱਲੋਂ ਚੋਰੀ ਕੀਤੀ ਗਈ ਗੱਡੀ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਅਧੀਨ ਮਾਮਲਾ ਦਰਜ ਕਰਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕਰਨ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਸੁਨੀਲ ਕੁਮਾਰ ਐਸ ਐਚ ਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ
ਏਐਸਆਈ ਅੰਗਰੇਜ਼ ਸਿੰਘ ਪੁਲਿਸ ਪਾਰਟੀ ਸਮੇਤ ਰਤਨਗੜ੍ਹ ਚੌਂਕ ਮੋਰਿੰਡਾ ਤੇ ਨਾਕੇਬੰਦੀ ਤੇ ਹਾਜ਼ਰ ਸੀ। ਜਿਸ ਦੌਰਾਨ ਮੁਖਬਰ ਖਾਸ ਵੱਲੋਂ ਇਤਲਾਹ ਦਿੱਤੀ ਗਈ ਕਿ ਸੰਤ ਨਗਰ ਦੇ ਕਬਾੜੀਆਂ ਵੱਲੋਂ ਇੱਕ ਆਇਸ਼ਰ ਮਾਰਕਾ ਟਰੱਕ ਗੈਸ ਕਟਰ ਨਾਲ ਕੱਟ ਕੇ ਇਸ ਦਾ ਬਹੁਤਾ ਸਮਾਨ ਇਹਨਾਂ ਕਬਾੜੀਆਂ ਵੱਲੋਂ ਪਹਿਲਾਂ ਹੀ ਖੁਰਦ ਬੁਰਦ ਕੀਤਾ ਜਾ ਚੁੱਕਾ ਹੈ , ਜਦਕਿ ਇਸੇ ਗੱਡੀ ਦਾ ਕੁਝ ਹੋਰ ਸਮਾਨ ,ਅੱਗੇ ਵੇਚਣ ਲਈ ਇਹਨਾਂ ਕਬਾੜੀਆਂ ਵੱਲੋਂ ਇੱਕ ਹੋਰ ਗੱਡੀ ਨੰਬਰ ਪੀ ਬੀ 12 ਐਚ 3617 ਵਿੱਚ ਲੋਡ ਕਰਕੇ ਖੜਾਇਆ ਗਿਆ ਹੈ। ਉਨਾ ਦੱਸਿਆ ਕਿ ਏਐਸਆਈ ਅੰਗਰੇਜ਼ ਸਿੰਘ ਵੱਲੋ ਪੁਲਿਸ ਪਾਰਟੀ ਸਮੇਤ ਸਬੰਧਤ ਕਬਾੜੀਏ ਦੀ ਦੁਕਾਨ ਜਾ ਕੇ ਚੈੱਕ ਕੀਤੀ ਗਈ ਤਾਂ ਪਤਾ ਲੱਗਾ ਕਿ ਇਹਨਾਂ ਵੱਲੋਂ ਜਲੰਧਰ ਤੋਂ ਚੋਰੀ ਹੋਇਆ ਟਰੱਕ ਨੰਬਰ ਪੀ ਬੀ 08 ਪੀਐਸ 7149 ਨੂੰ ਗੈਸ ਕਟਰ ਨਾਲ ਕੱਟ ਕੇ ਖੁਰਦ ਬੁਰਦ ਕੀਤਾ ਗਿਆ ਹੈ । ਉਨਾ ਦੱਸਿਆ ਕਿ ਅੰਗਰੇਜ਼ ਸਿੰਘ ਵੱਲੋ ਮੌਕੇ ਤੇ ਹੀ ਚੋਰੀ ਹੋਏ ਟਰੱਕ ਦਾ ਸਮਾਨ ਅਤੇ ਕਬਾੜੀਆਂ ਵੱਲੋਂ ਟਰੱਕ ਦੇ ਹੋਰ ਸਮਾਨ ਨਾਲ ਲੋਡ ਕੀਤੀ ਗਈ ਗੱਡੀ ਨੰਬਰ ਪੀਬੀ 12 ਐਚ 3617 ਨੂੰ ਕਬਜ਼ੇ ਵਿੱਚ ਲਿਆ ਗਿਆ।
ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹੈਪੀ ਪੁੱਤਰ ਗੁਰਮੀਤ ਸਿੰਘ , ਅਜੇ ਪੁੱਤਰ ਅਜੈਬ ਸਿੰਘ, ਜੋਨੀ ਪੁੱਤਰ ਕੇਵਲ ਵਾਸੀ ਸੰਤ ਨਗਰ, ਮਨ ਪੁੱਤਰ ਮਨੋਜ ਵਾਸੀ ਗੜਸ਼ੰਕਰ, ਜਿਲਾ ਹੁਸ਼ਿਆਰਪੁਰ ਅਤੇ ਅਜੇ ਉਰਫ ਟਾਈਗਰ ਪੁੱਤਰ ਸੁਨੀਲ ਵਾਸੀ ਸ਼ੈਲਾ ਖੁਰਦ , ਜਿਲਾ ਹੁਸ਼ਿਆਰਪੁਰ ਵਿਰੁੱਧ ਬੀਐਨਐਸ ਦੀਆਂ ਧਰਾਵਾਂ 303(2),317(2) ਅਤੇ 3(5) ਅਧੀਨ ਮੁਕੱਦਮ ਦਰਜ ਕਰਕੇ ਅਜੇ ਪੁੱਤਰ ਅਜੈਬ ਸਿੰਘ ਵਾਸੀ ਸੰਤ ਨਗਰ ਮੋਰਿੰਡਾ ਨੂੰ ਗ੍ਰਿਫਤਾਰ ਕਰਨ ਉਪਰੰਤ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



