ਸੀ.ਪੀ.ਆਈ.(ਐਮ) ਜ਼ਿਲ੍ਹਾ ਕਮੇਟੀ ਮਾਨਸਾ ਦੀ ਮੀਟਿੰਗ ‘ਚ ਨਵੇਂ ਜ਼ਿਲ੍ਹਾ ਸਕੱਤਰੇਤ ਦੀ ਚੋਣ

ਪੰਜਾਬ

ਬਹੁਗਿਣਤੀ ਅਤੇ ਘੱਟ ਗਿਣਤੀ ਦੀ ਫਿਰਕਾਪ੍ਰਸਤੀ ਹਮੇਸ਼ਾ ਮਿਹਨਤਕਸ਼ ਆਵਾਮ ਦੇ ਵਿਰੁੱਧ ਅਤੇ ਲੋਟੂ ਟੋਲੇ ਦੇ ਹੱਕ ਵਿੱਚ ਭੁਗਤੀ – ਕਾਮਰੇਡ ਸੇਖੋਂ

ਮਾਨਸਾ, 2 ਫਰਵਰੀ, ਦੇਸ਼ ਕਲਿੱਕ ਬਿਓਰੋ :

ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਦੇਸ਼ ਦੇ ਕੁਦਰਤੀ ਸਾਧਨਾਂ ਅਤੇ ਜਨਤਕ ਅਦਾਰਿਆਂ ਨੂੰ ਕੋਡੀਆਂ ਦੇ ਭਾਅ ਲੁਟਾ ਰਹੀ ਹੈ ਅਤੇ ਇਸ ਲੁੱਟ ਵਿਰੁੱਧ ਉੱਠ ਰਹੇ ਸੰਘਰਸ਼ਾਂ ਨੂੰ ਸਰਕਾਰੀ ਜਬਰ ਨਾਲ ਦਬਾਅ ਰਹੀ ਹੈ ਅਤੇ ਪੰਜਾਬ ਸਰਕਾਰ ਵੀ ਕੇਂਦਰ ਦੇ ਨਕਸ਼ੇ ਕਦਮਾਂ ‘ਤੇ ਚੱਲ ਰਹੀ ਹੈ।
ਇਹ ਦੋਸ਼ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਅੱਜ ਇੱਥੇ ਪਾਰਟੀ ਦੀ ਜ਼ਿਲ੍ਹਾ ਕਮੇਟੀ ਮੀਟਿੰਗ ਦੌਰਾਨ ਲਾਇਆ।
ਮੀਟਿੰਗ ਦੀ ਪ੍ਰਧਾਨਗੀ ਕਾ. ਹਰਜਿੰਦਰ ਸਿੰਘ ਬਰੇਟਾ ਨੇ ਕੀਤੀ।
ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਅੱਜ ਕਿਰਤੀਆਂ ਕਿਸਾਨਾਂ ਸਮੇਤ ਵੱਖ ਵੱਖ ਵਰਗਾਂ ਦੇ ਸੰਘਰਸ਼ ਲਗਾਤਾਰ ਤੇਜ਼ ਹੋ ਰਹੇ ਹਨ। ਸਾਮਰਾਜੀ ਸੰਸਥਾਵਾਂ ਅਤੇ ਕਾਰਪੋਰੇਟਾਂ ਦੀ ਲੁੱਟ ਨੂੰ ਬੇਰੋਕ ਜਾਰੀ ਰੱਖਣ ਲਈ ਭਾਜਪਾ- ਆਰ.ਐਸ.ਐਸ. ਦੇਸ਼ ਭਰ ਵਿੱਚ ਫਿਰਕਾਪ੍ਰਸਤੀ ਫੈਲਾਅ ਰਹੀ ਹੈ ਅਤੇ ਸਮਾਜ ਨਫ਼ਰਤ ਪੈਦਾ ਕਰਕੇ ਲੋਕਾਂ ਵਿੱਚ ਵੰਡੀਆਂ ਪਾ ਰਹੀ ਹੈ। ਕਮਿਊਨਿਸਟ ਆਗੂ ਨੇ ਕਿਹਾ ਕਿ ਬਹੁਗਿਣਤੀ ਅਤੇ ਘੱਟ ਗਿਣਤੀ ਦੀ ਫਿਰਕਾਪ੍ਰਸਤੀ ਕਿਰਤੀਆਂ-ਕਿਸਾਨਾਂ ਸਮੇਤ ਹਰ ਵਰਗ ਦੇ ਸੰਘਰਸ਼ ਅਤੇ ਏਕੇ ਨੂੰ ਤੋੜਦੀ ਹੈ ਅਤੇ ਲੋਟੂ ਟੋਲੇ ਦੇ ਪੱਖ ਵਿੱਚ ਭੁਗਤਦੀ ਹੈ। ਉਨ੍ਹਾਂ ਕਿਹਾ ਕਿ ਸੀ.ਪੀ.ਐਮ ਦਾ ਮੁੱਖ ਨਿਸ਼ਾਨਾ ਫਿਰਕੂ ਫਾਸ਼ੀਵਾਦੀ ਅਤੇ ਸਾਮਰਾਜ ਦੇ ਕਾਰਪੋਰੇਟ ਘਰਾਣਿਆਂ ਦੇ ਗਠਜੋੜ ਨੂੰ ਲੋਕਾਂ ਵਿੱਚ ਨੰਗਾ ਕਰਨਾ ਅਤੇ ਜਨਤਾ ਵਿੱਚੋਂ ਨਿਖੇੜਨਾ ਹੈ।
ਕਾਮਰੇਡ ਸੇਖੋਂ ਨੇ ਕੇਂਦਰ ਦੇ ਵਿੱਤੀ ਬਜਟ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਜਟ ਵਿੱਚ ਪੰਜਾਬ , ਖੇਤੀਬਾੜੀ , ਮਜ਼ਦੂਰਾਂ, ਕਿਸਾਨਾਂ ਸਮੇਤ ਕਿਸੇ ਵੀ ਵਰਗ ਲਈ ਰਾਹਤ ਲਈ ਕੁੱਝ ਨਹੀਂ ਸਗੋਂ ਇਸ ਬਜਟ ਤੋਂ ਬਾਅਦ ਕਾਰਪੋਰੇਟਾਂ ਦੀ ਲੁੱਟ ਖਸੁੱਟ ਹੋਰ ਤੇਜ਼ ਹੋਵੇਗੀ ਅਤੇ ਆਮ ਲੋਕਾਂ ‘ਤੇ ਟੈਕਸਾਂ ਦਾ ਬੋਝ ਵਧੇਗਾ। ਕਾਮਰੇਡ ਸੇਖੋਂ ਨੇ 5 ਫਰਵਰੀ ਨੂੰ ਕੇਂਦਰੀ ਬਜਟ ਦੀਆਂ ਕਾਪੀਆਂ ਸਾੜਨ ਦਾ ਸੱਦਾ ਦਿੱਤਾ।
ਇਸ ਮੌਕੇ ‘ਤੇ ਸੀ.ਪੀ.ਆਈ.(ਐਮ) ਦੇ ਸੂਬਾ ਸਕੱਤਰੇਤ ਮੈਂਬਰ ਅਤੇ ਜ਼ਿਲ੍ਹਾ ਮਾਨਸਾ ਦੇ ਇੰਚਾਰਜ ਕਾਮਰੇਡ ਭੂਪ ਚੰਦ ਚੰਨੋਂ ਨੇ ਕਿਹਾ ਕਿ ਪੰਜਾਬ ਵਿੱਚ ਅੱਜ ਅਮਨ ਕਾਨੂੰਨ ਦੀ ਸਥਿਤੀ ਕਾਫੀ ਖਰਾਬ ਹੋ ਚੁੱਕੀ ਹੈ। ਲੁੱਟਾਂ ਖੋਹਾਂ , ਕਤਲਾਂ , ਫਿਰੌਤੀਆਂ , ਨਸ਼ਿਆਂ ਕਾਰੋਬਾਰ ਆਦਿ ਆਮ ਜਿਹੀ ਗੱਲ ਬਣ ਕੇ ਰਹਿ ਗਈ ਹੈ। ਭ੍ਰਿਸ਼ਟਾਚਾਰ ਹਰ ਵਿਭਾਗ ਵਿੱਚ ਸਿਖਰਾਂ ‘ਤੇ ਚੱਲ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਹਾਲਾਂ ਤੱਕ ਆਪਣੇ ਮੰਤਰੀਆਂ ਨੂੰ ਕੁਰੱਪਸ਼ਨ ਤੋਂ ਮੁਕਤ ਨਹੀਂ ਕਰ ਸਕੀ। ਸਰਕਾਰ ਦੇ ਕਈ ਕੈਬਨਿਟ ਮੰਤਰੀਆਂ , ਵਿਧਾਇਕਾਂ ਆਦਿ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ ਅਤੇ ਇਹ ਵਰਤਾਰਾ ਨਿਰੰਤਰ ਜਾਰੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪੰਜਾਬੀਆਂ ਨਾਲ ਚੋਣਾਂ ਵਿੱਚ ਕੀਤੇ ਵਾਅਦੇ ਪੂਰੇ ਕਰਨ ਵਿੱਚ ਫੇਲ੍ਹ ਸਾਬਤ ਹੋਈ ਹੈ।
ਉਨ੍ਹਾਂ ਕਿਹਾ ਕਿ ਭਵਿੱਖ ਦੇ ਸਮੇਂ ਮਿਹਨਤਕਸ਼ ਆਵਾਮ ਸਮੇਤ ਵੱਖ ਵੱਖ ਵਰਗਾਂ ਨੂੰ ਤਿੱਖੇ ਸੰਘਰਸ਼ਾਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਸਵਰਨਜੀਤ ਸਿੰਘ ਦਲਿਓ ਐਡਵੋਕੇਟ ਨੇ ਦੱਸਿਆ ਕਿ ਮੀਟਿੰਗ ਵਿੱਚ ਸੀ.ਪੀ.ਆਈ.(ਐਮ) ਦੇ ਜ਼ਿਲ੍ਹਾ ਸਕੱਤਰੇਤ ਦੀ ਨਵੀਂ ਚੋਣ ਕੀਤੀ ਗਈ। ਜਿਸ ਵਿੱਚ ਉਨ੍ਹਾਂ ਸਮੇਤ ਕਾ. ਘਨੀਸ਼ਾਮ ਨਿੱਕੂ , ਕਾ. ਗੁਰਪ੍ਰੀਤ ਸਿੰਘ ਬਰਨ , ਕਾ. ਹਰਜਿੰਦਰ ਸਿੰਘ ਬਰੇਟਾ ਨੂੰ ਜ਼ਿਲ੍ਹਾ ਸਕੱਤਰੇਤ ਮੈਂਬਰਾਨ ਅਤੇ ਦੋ ਸਾਥੀਆਂ ਕਾ. ਅਮਰਜੀਤ ਸਿੰਘ ਸਿੱਧੂ , ਕਾ.ਸੰਤ ਰਾਮ ਬੀਰੋਕੇ ਨੂੰ ਸਪੈਸ਼ਲ ਇਨਵਾਇਟੀ ਵਜੋਂ ਜ਼ਿਲ੍ਹਾ ਸਕੱਤਰੇਤ ਵਿੱਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਵਿੱਤੀ ਕਮੇਟੀ , ਲੋਕ ਲਹਿਰ ਅਤੇ ਪਾਰਟੀ ਸਾਹਿਤ ਕਮੇਟੀ ਤੋਂ ਬਿਨਾਂ ਕਿਸਾਨ , ਖੇਤ ਮਜਦੂਰ , ਟਰੇਡ ਯੂਨੀਅਨ , ਨੌਜਵਾਨ- ਵਿਦਿਆਰਥੀ , ਇਸਤਰੀ ਫਰੰਟਾਂ ਦੀਆਂ ਸਬ-ਕਮੇਟੀਆਂ ਅਤੇ ਫਰੈਕਸਨ ਕਮੇਟੀਆਂ ਦੀ ਚੋਣ ਵੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਪਾਰਟੀ ਦਫ਼ਤਰ ਦੀ ਉਸਾਰੀ , ਵੱਖ ਵੱਖ ਜਨਤਕ ਸੰਗਠਨਾਂ ਦੀ ਮੈਂਬਰਸ਼ਿਪ ਮੁਹਿੰਮ ਤੇਜ਼ ਕਰਨ , ਖੇਤ ਮਜ਼ਦੂਰਾਂ ਦੀਆਂ ਮੰਗਾਂ ਮਸਲਿਆਂ ਸਬੰਧੀ ਮੰਗ ਪੱਤਰ ਦੇਣ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਆਲ ਇੰਡੀਆ ਵਿਕਲਾਂਗ ਮੰਚ ਵੱਲੋਂ 10 ਫਰਵਰੀ ਦੀ ਨਵੀਂ ਦਿੱਲੀ ਕਨਵੈਨਸ਼ਨ ਵਿੱਚ ਮਾਨਸਾ ਜ਼ਿਲ੍ਹੇ ਵਿੱਚੋਂ 10 ਸਾਥੀ ਸ਼ਾਮਲ ਹੋਣਗੇ।
ਮੀਟਿੰਗ ਵਿੱਚ ਮਤਾ ਪਾਸ ਕਰਕੇ ਖੇਤ ਮਜ਼ਦੂਰਾਂ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਗਸੀਰ ਸਿੰਘ ਜੱਗਾ ਬਰੇਟਾ ਦੇ ਮਕਾਨ ਦਾ ਗੇਟ ਬੰਦ ਕਰਨ ਅਤੇ ਉਨ੍ਹਾਂ ਨਾਲ ਧੱਕੇਸ਼ਾਹੀ ਦੇ ਮਾਮਲੇ ਦਾ ਗੰਭੀਰ ਨੋਟਿਸ ਲਿਆ ਗਿਆ ਪਾਰਟੀ ਨੇ ਸਖ਼ਤ ਚੇਤਾਵਨੀ ਦਿੱਤੀ ਕਿ ਕਾਮਰੇਡ ਜੱਗਾ ਅਤੇ ਉਸਦੇ ਪਰਿਵਾਰ ਨਾਲ ਕਿਸੇ ਕਿਸਮ ਦੀ ਵਧੀਕੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪਾਰਟੀ ਨੇ ਡਿਪਟੀ ਕਮਿਸ਼ਨਰ ਮਾਨਸਾ ਅਤੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਬਰੇਟਾ ਨਗਰ ਕੌਂਸਲ ਦੀ ਕਰੋੜਾਂ ਰੁਪਏ ਦੀ ਜਾਇਦਾਦ ‘ਤੇ ਕਬਜ਼ਾ ਕਰਨ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਮੀਟਿੰਗ ਵਿੱਚ ਉਪਰੋਕਤ ਸਾਥੀਆਂ ਤੋਂ ਇਲਾਵਾ ਕਾ. ਜਸਵੰਤ ਸਿੰਘ ਬੀਰੋਕੇ , ਕਾ. ਤੇਜਾ ਸਿੰਘ ਹੀਰਕੇ , ਕਾ. ਜਗਦੇਵ ਸਿੰਘ ਢੈਪਈ , ਕਾ. ਜਗਸੀਰ ਸਿੰਘ ਜੱਗਾ ਬਰੇਟਾ , ਕਾ. ਸੁਰੇਸ਼ ਕੁਮਾਰ ਮਾਨਸਾ , ਕਾ. ਮਾਨਵ ਮਾਨਸਾ , ਕਾਮਰੇਡ ਬੀਰਬਲ ਸਿੰਘ ਚੌਹਾਨ ਆਦਿ ਆਗੂ ਸ਼ਾਮਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।