ਐਕਸਪ੍ਰੈਸ ਹਾਈਵੇ  ਦੇ ਨਿਰਮਾਣ ਲਈ ਵਰਤੀ ਜਾ ਰਹੀ ਸਵਾਹ ਤੋ ਇਲਾਕਾ ਨਿਵਾਸੀ ਤੰਗ ਪ੍ਰੇਸ਼ਾਨ

Punjab

ਮੋਰਿੰਡਾ ,5 ਮਈ ਭਟੋਆ 

ਇਲਾਕੇ ਵਿੱਚੋਂ ਨਿਕਲਦੇ ਅਤੇ ਨਿਰਮਾਣ ਅਧੀਨ ਲੁਧਿਆਣਾ ਰੂਪਨਗਰ ਪੈਕੇਜ-3 ਐਕਸਪ੍ਰੈਸ ਹਾਈਵੇ ਤੋਂ ਇਲਾਕਾ ਵਾਸੀ ਡਾਢੇ ਪਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਪ੍ਰੋਜੈਕਟ ਵਿੱਚ ਵਰਤੀ ਜਾ ਰਹੀ ਸਵਾਹ ਤੇਜ ਹਵਾਵਾਂ ਕਾਰਨ ਦੂਰ ਦੂਰ ਤੱਕ ਉੱਡ ਰਹੀ ਹੈ ਜਿਸ ਨਾਲ ਵਾਹਨ ਚਾਲਕਾਂ ਖਾਸ ਕਰਕੇ ਦੋ ਪਈਆ ਵਾਹਨ ਚਾਲਕਾਂ ਨੂੰ ਭਾਰੀ ਦਿੱਕਤ ਹੋ ਰਹੀ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਰੂਪਨਗਰ ਦੇ ਸੀਨੀਅਰ ਮੀਤ ਪ੍ਰਧਾਨ ਬਹਾਦਰ ਸਿੰਘ ਖੈਰਪੁਰ, ਬਲਾਕ ਪ੍ਰਧਾਨ ਰਣਜੋਤ ਸਿੰਘ, ਜਨਰਲ ਸਕੱਤਰ ਜਰਨੈਲ ਸਿੰਘ ਸਰਹਾਣਾ, ਲਖਬੀਰ ਸਿੰਘ, ਨਵਤੇਜ ਸਿੰਘ, ਦਲਜੀਤ ਸਿੰਘ, ਜਸਵਿੰਦਰ ਸਿੰਘ, ਭੁਪਿੰਦਰ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ, ਸਰਪੰਚ ਹਰਜਿੰਦਰ ਸਿੰਘ, ਅਵਤਾਰ ਸਿੰਘ ਤਾਰਾ, ਰਮਨੀਕ ਸਿੰਘ ਅਤੇ ਹੋਰਨਾਂ ਦਰਜਨਾਂ ਇਲਾਕਾ ਵਾਸੀਆਂ ਨੇ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਅਧੀਨ ਜਿਹੜੀ ਲੁਧਿਆਣਾ ਰੂਪਨਗਰ ਪੈਕੇਜ 3 ਐਕਸਪ੍ਰੈਸ ਹਾਈਵੇ ਮਾਰਗ ਨਿਰਮਾਣ ਅਧੀਨ ਹੈ। ਇਸ’ਤੇ ਜੋ ਸਵਾਹ (ਰਾਖ) ਪਾਈ ਜਾ ਰਹੀ ਹੈ ਉਸਨੂੰ ਪਾਣੀ ਨਾਲ ਚੰਗੀ ਤਰ੍ਹਾਂ ਨਹੀਂ ਦਬਾਇਆ ਜਾ ਰਿਹਾ। ਉਹਨਾਂ ਕਿਹਾ ਕਿ ਇਹ ਰਾਖ ਹਲਕੀ ਅਤੇ ਬਰੀਕ ਹੋਣ ਕਾਰਨ ਥੋੜੀ ਜਿਹੀ ਹਵਾ ਨਾਲ ਹੀ ਉਡਕੇ ਲੋਕਾਂ ਲਈ ਪਰੇਸ਼ਾਨੀਆਂ ਪੈਦਾ ਕਰਦੀ ਹੈ। ਉਹਨਾਂ ਕਿਹਾ ਕਿ ਇਹ ਸਵਾਹ ਇਥੋਂ ਨਿਕਲਣ ਵਾਲੇ ਆ ਜਾ ਰਹੇ ਮੁਸਾਫਰਾਂ ਦੇ ਕੱਪੜਿਆਂ ਨੂੰ ਖਰਾਬ ਕਰਦੀ ਹੈ, ਉਸੇ ਤਰ੍ਹਾਂ ਇਹਨਾਂ ਦਿਨਾਂ ਵਿੱਚ ਚੱਲ ਰਹੀਆਂ ਤੇਜ ਹਵਾਵਾਂ ਨਾਲ ਇਹ ਸਵਾਹ ਦੂਰ ਦੂਰ ਤੱਕ ਉਡ ਕੇ ਫਸਲਾਂ ਲਈ ਮਾਰੂ ਸਾਬਤ ਹੋ ਰਹੀ ਹੈ। ਉੱਥੇ ਹੀ ਵਾਹਨ ਚਾਲਕਾਂ ਲਈ ਵੀ ਪਰੇਸ਼ਾਨੀ ਪੈਦਾ ਕਰਦੀ ਹੈ, ਖਾਸ ਕਰਕੇ ਦੋ ਪਹੀਆ ਵਾਹਨ ਚਾਲਕਾਂ ਦੀਆਂ ਅੱਖਾਂ ਵਿੱਚ ਹਵਾ ਨਾਲ ਉਡਕੇ ਉਹਨਾਂ ਦੀਆਂ ਅੱਖਾਂ ਵਿੱਚ ਸਵਾਹ  ਪੈਣ ਨਾਲ ਜਿੱਥੇ ਅੱਖਾਂ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ, ਉੱਥੇ ਹੀ ਹਾਦਸਿਆਂ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਉਹਨਾਂ ਮੰਗ ਕੀਤੀ ਕਿ ਇਸ ਦੀ ਰੋਕਥਾਮ ਲਈ ਪੁਖਤਾ ਪ੍ਰਬੰਧ ਕੀਤੇ ਜਾਣ।

 ‘ਕੀ ਕਹਿੰਦੇ ਹਨ ਸਬੰਧਤ ਅਧਿਕਾਰੀ’ ਉਧਰ ਇਸ ਸਬੰਧੀ ਸੀਗਲ ਇੰਡੀਆ ਲਿਮਿਟਡ ਦੇ ਪ੍ਰੋਜੈਕਟ ਕੰਟਰੈਕਟਰ ਸ੍ਰੀ ਕਮਲਦੀਪ ਸਿੰਘ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਕਿਸੇ ਤਕਨੀਕੀ ਕਾਰਨਾਂ ਕਰਕੇ ਕੁਝ ਦਿਨ ਤੋਂ ਇਹ ਸਮੱਸਿਆ ਆਈ ਸੀ ਪਰੰਤੂ ਹੁਣ ਹੋਰ ਵਾਧੂ ਟੈਂਕਰ ਅਤੇ ਮਸ਼ੀਨਰੀ ਉਪਲਬਧ ਕਰਵਾਈ ਗਈ ਹੈ। ਉਹਨਾਂ ਕਿਹਾ ਕਿ ਹੁਣ ਬਾਰਿਸ਼ ਵਾਲਾ ਮੌਸਮ ਹੋਣ ਕਾਰਨ ਵੀ ਇਹ ਘੱਟਾ ਨਹੀਂ ਉੜੇਗੀ ਅਤੇ  ਹੁਣ ਤੋਂ ਬਾਅਦ ਲੋਕਾਂ ਨੂੰ ਕੋਈ ਸਮੱਸਿਆ ਨਹੀਂ ਹੋਵੇਗੀ। ਉਹਨਾਂ ਦੱਸਿਆ ਕਿ ਉਹਨਾਂ ਕੋਲ ਇਸ ਪ੍ਰੋਜੈਕਟ ਦੀ ਬਹਿਲੋਲਪੁਰ ਤੋਂ ਭਿਓਰਾ ਤੇ ਪਿੱਪਲ ਮਾਜਰਾ ਤੋਂ ਭਾਗੋ ਮਾਜਰਾ ਤੱਕ ਲਗਭਗ 43.26 ਕਿਲੋਮੀਟਰ ਦੀ ਲੀਡ ਵਾਲੇ ਇਸ ਪ੍ਰੋਜੈਕਟ ਤੇ ਲਗਭਗ 1100 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ ਪ੍ਰੋਜੈਕਟ ਲਗਭਗ ਦਸੰਬਰ 2025 ਤੱਕ ਮੁਕੰਮਲ ਵੀ ਹੋ ਜਾਵੇਗਾ। 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।