ਅੰਮ੍ਰਿਤਸਰ, 5 ਮਈ, ਦੇਸ਼ ਕਲਿਕ ਬਿਊਰੋ :
ਪੰਜਾਬ ’ਚ ਅੱਤਵਾਦੀ ਤੱਤਾਂ ਵਿਰੁੱਧ ਅੰਮ੍ਰਿਤਸਰ ਦੀ ਦਿਹਾਤੀ ਪੁਲਿਸ ਨੇ ਇੱਕ ਹੋਰ ਵੱਡੀ ਸਫਲਤਾ ਹਾਸਲ ਕਰ ਲਈ ਹੈ। ਖੁਫੀਆ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਤਿੰਨ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ’ਚ ਹਥਿਆਰ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ।
ਪੁਲਿਸ ਵਲੋਂ ਜਾਰੀ ਕੀਤੇ ਗਏ ਬਿਆਨ ਮੁਤਾਬਕ, ਇਕਬਾਲ ਸਿੰਘ, ਅੰਗਰੇਜ ਸਿੰਘ ਅਤੇ ਵਿਜੇ ਸਿੰਘ ਨਾਂ ਦੇ ਤਿੰਨ ਵਿਅਕਤੀ ਜੋ ਤਰਨਤਾਰਨ ਦੇ ਰਹਿਣ ਵਾਲੇ ਹਨ, ਪਾਕਿਸਤਾਨੀ ਸਮਗਲਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ। ਉਨ੍ਹਾਂ ’ਤੇ ਦੋਸ਼ ਹੈ ਕਿ ਇਹ ਵਿਅਕਤੀ ਹਿੰਦ-ਪਾਕਿ ਸਰਹੱਦ ਦੇ ਅਟਾਰੀ ਖੇਤਰ ’ਚ ਡਰੋਨ ਰਾਹੀਂ ਆ ਰਹੀਆਂ ਹਥਿਆਰਾਂ ਦੀਆਂ ਖੇਪਾਂ ਨੂੰ ਲੈਂਦੇ ਅਤੇ ਅੱਗੇ ਭੇਜਦੇ ਸਨ।
ਜ਼ਬਤ ਕੀਤੇ ਗਏ ਸਮਾਨ ਵਿਚ 3 ਗਲੋਕ ਪਿਸਤੌਲ, 3 ਬਰੇਟਾ 30 ਬੋਰ ਪਿਸਤੌਲ, 40 ਜ਼ਿੰਦਾ ਕਾਰਤੂਸ, 4 ਮੋਬਾਈਲ ਫੋਨ ਅਤੇ ਇੱਕ ਐਕਟਿਵਾ ਸਕੂਟਰ ਸ਼ਾਮਲ ਹੈ।
ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਅਸਲਾ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹੋਰ ਗੰਭੀਰ ਜਾਂਚ ਜਾਰੀ ਹੈ।



