TDI ਸੈਕਟਰ 92 ਦੇ ਲੋਕਾਂ ਨੇ ਡਿਪਟੀ ਮੇਅਰ ਨੂੰ ਵਿਖਾਇਆ ਮੌਕਾ
ਫੌਰੀ ਤੌਰ ਤੇ ਗਮਾਡਾ ਨੇ ਬੁਨਿਆਦੀ ਢਾਂਚੇ ਦਾ ਸੁਧਾਰ ਨਾ ਕੀਤਾ ਤਾਂ ਲੋਕ ਦੇਣਗੇ ਧਰਨੇ ਹਾਈਵੇ ਕਰਨਗੇ ਜਾਮ : ਡਿਪਟੀ ਮੇਅਰ
ਮੋਹਾਲੀ: 5 ਮਈ, ਦੇਸ਼ ਕਲਿੱਕ ਬਿਓਰੋ
ਮੋਹਾਲੀ ਤੋਂ ਚੱਪੜ ਚਿੜੀ ਪਿੰਡਾਂ ਰਾਹੀਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੋਂ ਲੰਘਦੀ ਮੁੱਖ ਸੜਕ ਦੀ ਹਾਲਤ ਇਤਨੀ ਖਰਾਬ ਹੋ ਚੁੱਕੀ ਹੈ ਕਿ ਇਲਾਕੇ ਦੇ ਰਹਿਣ ਵਾਲੇ ਲੋਕ ਤੇ ਆਉਣ-ਜਾਣ ਵਾਲੇ ਦਿਨੋ-ਦਿਨ ਪਰੇਸ਼ਾਨ ਹੋ ਰਹੇ ਹਨ। ਇਸ ਸੜਕਾਂ ’ਤੇ ਦੋ ਵੱਡੇ ਸਕੂਲ ਵੀ ਸਥਿਤ ਹਨ, ਜਿੱਥੇ ਵੱਡੀ ਗਿਣਤੀ ਵਿੱਚ ਬੱਚੇ ਸਵੇਰੇ ਸ਼ਾਮ ਆਉਂਦੇ ਹਨ।। ਇਸੇ ਸੜਕ ਤੋਂ ਖਰੜ ਤੋਂ ਚੰਡੀਗੜ੍ਹ ਆਉਣ ਵਾਲੇ ਵੱਡੀ ਗਿਣਤੀ ਲੋਕ ਵੀ ਸਕੂਟਰਾਂ ਅਤੇ ਗੱਡੀਆਂ ਤੇ ਆਉਂਦੀਆਂ ਹਨ ਜਿਹਨਾਂ ਦੇ ਕੱਪੜੇ ਵੀ ਖਰਾਬ ਹੁੰਦੇ ਤੇ ਗੱਡੀਆਂ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ ਕਿਉਂਕਿ ਸੜਕ ਖੱਡਿਆਂ ਨਾਲ ਭਰੀ ਹੋਈ ਹੈ। ਇੱਥੇ ਹੀ ਸੈਕਟਰ 92 ਟੀਡੀਆਈ ਸਿਟੀ ਵੀ ਬਣਿਆ ਹੋਇਆ ਹੈ ਜਿੱਥੋਂ ਦੇ ਵਸਨੀਕਾਂ ਨੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਇੱਥੇ ਬੁਲਾ ਕੇ ਮੌਕਾ ਵਿਖਾਇਆ ਅਤੇ ਆਪਣੀਆਂ ਸਮੱਸਿਆਵਾਂ ਦੱਸੀਆਂ। ਡਿਪਟੀ ਮੇਅਰ ਨੇ ਇਹਨਾਂ ਸਮੱਸਿਆਵਾਂ ਨੂੰ ਫੌਰੀ ਤੌਰ ਤੇ ਹੱਲ ਕਰਨ ਲਈ ਗਮਾਡਾ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ। ਅਤੇ ਨਾਲ ਹੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਫੌਰੀ ਤੌਰ ਤੇ ਇਸ ਪਾਸੇ ਕਦਮ ਨਾ ਪੁੱਟਿਆ ਗਿਆ ਤਾਂ ਉਹ ਇਲਾਕੇ ਦੇ ਲੋਕਾਂ ਨਾਲ ਹਾਈਵੇ ਜਾਮ ਕਰਨ ਲਈ ਮਜਬੂਰ ਹੋਣਗੇ ਜਿਸ ਦੀ ਪੂਰੀ ਜ਼ਿੰਮੇਵਾਰੀ ਗਮਾਡਾ ਅਧਿਕਾਰੀਆਂ ਦੀ ਹੋਵੇਗੀ।
ਉਹਨਾਂ ਕਿਹਾ ਕਿ ਇਹ ਸੜਕ ਪੇਂਡੂ ਸੜਕ ਹੈ ਅਤੇ ਇਹ ਰਾਹ ਬਹੁਤ ਸਾਰੀਆਂ ਰਿਹਾਇਸ਼ੀ ਕਲੋਨੀਆਂ ਨੂੰ ਜੁੜਦਾ ਹੈ, ਜਿੱਥੇ ਲੋਕ ਕਰੋੜਾਂ ਰੁਪਏ ਖਰਚ ਕਰਕੇ ਘਰ ਬਣਾ ਚੁੱਕੇ ਹਨ। ਇਲਾਕੇ ਵਿੱਚ ਗਮਾਡਾ ਵੱਲੋਂ ਸੀਐਲਯੂ (ਚੇਂਜ ਆਫ ਲੈਂਡ ਯੂਜ਼) ਲੈ ਕੇ ਕਲੋਨੀਆਂ ਅਤੇ ਸਕੂਲਾਂ ਦੇ ਨਕਸ਼ੇ ਤਸਦੀਕ ਕੀਤੇ ਗਏ ਹਨ, ਪਰ ਬਦਕਿਸਮਤੀ ਨਾਲ ਇਨਫਰਾਸਟਰਕਚਰ, ਖਾਸ ਕਰਕੇ ਸੜਕਾਂ ਦੀ ਮੁਰੰਮਤ ਅਤੇ ਪਾਣੀ ਨਿਕਾਸੀ ਦੀ ਸੁਵਿਧਾ ਉਤੇ ਕੋਈ ਧਿਆਨ ਨਹੀਂ ਦਿੱਤਾ ਗਿਆ।
ਡਿਪਟੀ ਮੇਅਰ ਨੇ ਕਿਹਾ ਕਿ ਸੜਕ ਟੁੱਟੀ ਹੋਈ ਹੈ, ਟੋਏ ਪਏ ਹੋਏ ਹਨ, ਜਿਸ ਕਾਰਨ ਸਕੂਟਰ, ਕਾਰਾਂ ਅਤੇ ਹੋਰ ਵਾਹਨ ਨੁਕਸਾਨੀ ਦਾ ਸ਼ਿਕਾਰ ਹੋ ਰਹੇ ਹਨ। ਬਰਸਾਤ ਵਿੱਚ ਹਾਲਤ ਹੋਰ ਵੀ ਵਿਗੜ ਜਾਂਦੀ ਹੈ, ਜਦ ਲੋਕਾਂ ਦੇ ਕੱਪੜੇ ਗੰਦੇ ਹੋ ਜਾਂਦੇ ਹਨ ਤੇ ਟਰੈਫਿਕ ਜਾਮ ਹੋਣਾ ਆਮ ਗੱਲ ਬਣ ਚੁੱਕੀ ਹੈ।
ਡਿਪਟੀ ਮੇਅਰ ਨੇ ਕਿਹਾ ਕਿ ਹੁਣ ਜਦ ਇਹ ਖੇਤਰ ਪੇਂਡੂ ਤੋਂ ਸ਼ਹਿਰੀ ਇਲਾਕਾ ਬਣ ਚੁੱਕਾ ਹੈ, ਤਾਂ ਗਮਾਡਾ ਨੂੰ ਜਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਤੁਰੰਤ ਸੜਕ ਦੀ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਲਦ ਕਾਰਵਾਈ ਨਾ ਹੋਈ ਤਾਂ ਲੋਕਾਂ ਨੂੰ ਰੋਸ ਧਰਨਾ ਲਗਾਉਣ ਤੇ ਮਜਬੂਰ ਹੋਣਾ ਪਵੇਗਾ।
ਇਸ ਦੌਰਾਨ ਟੀਡੀਆਈ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੀਤਮ ਠਾਕੁਰ, ਜਨਰਲ ਸਕੱਤਰ ਧਰਮਿੰਦਰ ਮਨੋਤਰਾ, ਕੈਸ਼ੀਅਰ ਸੰਜੇ ਕੁਮਾਰ, ਮੈਂਬਰ ਹਰਲੀਨ ਸਿੰਘ ਸੇਠੀ, ਮਿਸ ਮੰਚੰਦਾ, ਸੁਨੀਲ ਸ਼ਰਮਾ ਅਤੇ ਹੋਰ ਵਸਨੀਕ ਵੀ ਮੌਜੂਦ ਸਨ, ਜਿਨ੍ਹਾਂ ਨੇ ਡਿਪਟੀ ਮੇਅਰ ਅੱਗੇ ਆਪਣੇ ਦੁੱਖੜੇ ਰੱਖੇ।



