ਪੰਜਾਬ ‘ਚ ਬਾਰਸ਼ ਕਾਰਨ ਪਾਰਾ ਡਿੱਗਿਆ, ਮੌਸਮ ਵਿਭਾਗ ਵੱਲੋਂ ਅੱਜ ਵੀ ਮੀਂਹ-ਤੂਫ਼ਾਨ ਦਾ Alert ਜਾਰੀ
ਚੰਡੀਗੜ੍ਹ, 5 ਮਈ, ਦੇਸ਼ ਕਲਿਕ ਬਿਊਰੋ :
ਪੰਜਾਬ ਵਿੱਚ ਅੱਜ ਤੂਫ਼ਾਨ ਅਤੇ ਮੀਂਹ ਨੂੰ ਲੈ ਕੇ ਸੰਤਰੀ ਅਲਰਟ ਜਾਰੀ ਕੀਤਾ ਗਿਆ ਹੈ। ਕੱਲ੍ਹ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ। ਜਿਸ ਤੋਂ ਬਾਅਦ ਪਾਰਾ ਹੇਠ ਆ ਗਿਆ। ਤਾਪਮਾਨ ਆਮ ਨਾਲੋਂ 3.1 ਡਿਗਰੀ ਘੱਟ ਪਾਇਆ ਗਿਆ। ਮੌਸਮ ਵਿਭਾਗ ਅਨੁਸਾਰ, ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿੱਚ ਇਹ ਤਬਦੀਲੀ ਪੱਛਮੀ ਗੜਬੜੀ ਦੀ ਸਰਗਰਮੀ ਕਾਰਨ ਦੇਖੀ ਜਾ ਰਹੀ ਹੈ। ਐਤਵਾਰ ਨੂੰ ਦਿਨ ਭਰ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹੀ ਤੇ ਮੀਂਹ ਪਿਆ। ਸ਼ਨੀਵਾਰ ਨੂੰ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪਿਆ ਸੀ। ਰੋਪੜ ਵਿੱਚ 16 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਅੰਮ੍ਰਿਤਸਰ ਵਿੱਚ 5.0 ਮਿਲੀਮੀਟਰ, ਲੁਧਿਆਣਾ ਵਿੱਚ 1.0 ਮਿਲੀਮੀਟਰ, ਪਠਾਨਕੋਟ ਵਿੱਚ 4.0 ਮਿਲੀਮੀਟਰ ਮੀਂਹ ਪਿਆ।
ਅੱਜ 5 ਮਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੋਹਾਲੀ, ਸੰਗਰੂਰ ਅਤੇ ਮਾਨਸਾ ਵਿੱਚ ਮੀਂਹ ਅਤੇ ਤੂਫ਼ਾਨ ਲਈ ਸੰਤਰੀ ਚੇਤਾਵਨੀ ਹੈ। ਜਦੋਂ ਕਿ ਬਾਕੀ ਸਾਰੇ ਜ਼ਿਲ੍ਹਿਆਂ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਕਈ ਜ਼ਿਲ੍ਹਿਆਂ ਵਿੱਚ 8 ਮਈ ਤੱਕ ਮੀਂਹ ਅਤੇ ਤੂਫ਼ਾਨ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।



